08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮੁੱਖ ਮੰਤਰੀ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਐੱਸ. ਏ.

Ad Position 21
No active advertisement
ਮੁਹਾਲੀ ਵਿਖੇ ਨਿਯੁਕਤੀ ਪੱਤਰ ਹਾਸਿਲ ਕਰਨ ਵਾਲੇ ਨੌਜਵਾਨਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ, ਨਾਲ ਡਾ. ਬਲਬੀਰ ਸਿੰਘ, ਮਹਿੰਦਰ ਭਗਤ ਤੇ ਹੋਰ। ਅਜੀਤ ਤਸਵੀਰ 09-08-2026
ਐੱਸ. ਏ. ਐੱਸ. ਨਗਰ, 8 ਅਗਸਤ (ਪ੍ਰੋ. ਅਵਤਾਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁਹਾਲੀ ਦੇ ਵਿਕਾਸ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ 866 ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਸਾਢੇ ਚਾਰ ਸਾਲਾਂ ‘ਚ 69,094 ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਭਰਤੀ ਪ੍ਰਕਿਰਿਆਵਾਂ ਨੇ ਸਰਕਾਰੀ ਨੌਕਰੀ ਲੈਣ ਲਈ ਪੈਸੇ ਅਤੇ ਸਿਫ਼ਾਰਸ਼ ਨੂੰ ਅਸਲ ਯੋਗਤਾ ਮੰਨੇ ਜਾਣ ਵਾਲੀ ਪੁਰਾਣੀ ਰਵਾਇਤ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਸਟਮ ‘ਚ ਨੌਜਵਾਨਾਂ ਦਾ ਵਧ ਰਿਹਾ ਭਰੋਸਾ ਅਤੇ ਵਿਦੇਸ਼ਾਂ ਵੱਲ ਪ੍ਰਵਾਸ ਦਾ ਘਟਦਾ ਰੁਝਾਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਨੌਜਵਾਨਾਂ ਨੂੰ ਸੂਬੇ ‘ਚ ਪੂਰੀ ਪਾਰਦਰਸ਼ਤਾ, ਨਿਰਪੱਖਤਾ ਅਤੇ ਮੈਰਿਟ ਆਧਾਰਿਤ ਭਰਤੀ ਪ੍ਰਕਿਰਿਆਵਾਂ ਰਾਹੀਂ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਸਿੱਖਿਆ ਦੇ ਖੇਤਰ ‘ਚ ਪੰਜਾਬ ਦੀ ਪ੍ਰਗਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਸੂਬੇ ਨੇ ਕੇਰਲਾ ਨੂੰ ਪਛਾੜ ਕੇ ਦੇਸ਼ ‘ਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ‘ਨੀਟ’ ਪ੍ਰੀਖਿਆ ਪਾਸ ਕਰਕੇ ਇਸ ਤਬਦੀਲੀ ‘ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਅੱਜ ਨਿਯੁਕਤੀ ਪੱਤਰ ਹਾਸਿਲ ਕਰਨ ਵਾਲੇ ਉਮੀਦਵਾਰਾਂ ‘ਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ 636 ਉਮੀਦਵਾਰ ਸ਼ਾਮਿਲ ਹਨ, ਜਿਨ੍ਹਾਂ ‘ਚ 614 ਸਟਾਫ਼ ਨਰਸਾਂ, 3 ਫਾਰਮਾਸਿਸਟ, 13 ਮਲਟੀਪਰਪਜ਼ ਹੈਲਥ ਵਰਕਰ (ਪੁਰਸ਼), 2 ਵਾਰਡ ਅਟੈਂਡੈਂਟ, 1 ਦਰਜ-ਚਾਰ ਕਰਮਚਾਰੀ ਅਤੇ 3 ਸਵੀਪਰ ਸ਼ਾਮਿਲ ਹਨ। ਇਸ ਤੋਂ ਇਲਾਵਾ ਸ਼ੂਗਰਫੈੱਡ ‘ਚ 101 ਉਮੀਦਵਾਰ, ਜੂਨੀਅਰ ਆਡੀਟਰ ਵਜੋਂ ਵਿੱਤ ਵਿਭਾਗ ‘ਚ 57 ਉਮੀਦਵਾਰ, ਰੱਖਿਆ ਸੇਵਾਵਾਂ ਭਲਾਈ ਵਿਭਾਗ ‘ਚ 51 ਉਮੀਦਵਾਰ, ਸਹਿਕਾਰਤਾ ਵਿਭਾਗ ‘ਚ 11 ਉਮੀਦਵਾਰ ਅਤੇ ਗ੍ਰਹਿ ਵਿਭਾਗ ‘ਚ ਲਾਅ ਅਫ਼ਸਰ ਵਜੋਂ 10 ਉਮੀਦਵਾਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਮਹਿੰਦਰ ਭਗਤ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਤੇ ਉਪ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਤੋਂ ਇਲਾਵਾ ਸੁਮੇਰ ਸਿੰਘ ਗੁਰਜਰ, ਕੁਮਾਰ ਰਾਹੁਲ, ਗੁਰਕਿਰਤ ਕਿਰਪਾਲ ਸਿੰਘ, ਅਜਿਤ ਬਾਲਾਜੀ ਜੋਸ਼ੀ, ਐਮ. ਕੇ. ਅਰਵਿੰਦ, ਸੰਯਮ ਅਗਰਵਾਲ, ਸ਼ੇਨੂ ਦੁੱਗਲ, ਦਵਿੰਦਰ ਕੁਮਾਰ ਗੁਪਤਾ ਆਦਿ ਉੱਚ ਅਧਿਕਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇਸ਼ ਨੂੰ ਤੋੜਨ ਵਿਚ ਲੱਗੀ ਹੋਈ-ਭੁਪੇਸ਼ ਅਗਲੀ ਖ਼ਬਰ 30 ਕਿੱਲੋ ਤੋਂ ਵੱਧ ਹੈਰੋਇਨ ਸਮੇਤ 2 ਤਸਕਰ ਕਾਬੂ
Ad Position 24