ਪਾਵਰਕਾਮ ਦਾ ਕੰਟਰੈਕਟ ਕਾਮਿਆਂ ਲਈ ਵੱਡਾ ਫੈਸਲਾ
ਡਿਊਟੀ ਦੌਰਾਨ ਮੌਤ ’ਤੇ ਮਿਲੇਗਾ 35 ਲੱਖ ਰੁਪਏ ਦਾ ਮੁਆਵਜ਼ਾ
ਰਾਮਪੁਰਾ ਫੂਲ, 15 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਿੱਧੇ ਠੇਕੇ (ਡਾਇਰੈਕਟ ਕੰਟਰੈਕਟ) ’ਤੇ ਤਾਇਨਾਤ ਸਕਿੱਲਡ ਵਰਕਰਾਂ ਅਤੇ ਭਵਿੱਖ ਵਿਚ ਭਰਤੀ ਕੀਤੇ ਜਾਣ ਵਾਲੇ ਕਾਮਿਆਂ ਲਈ ਇਕ ਬਹੁਤ ਹੀ ਅਹਿਮ ਤੇ ਰਾਹਤ ਭਰਿਆ ਫੈਸਲਾ ਲਿਆ ਹੈ। ਬੋਰਡ ਆਫ਼ ਡਾਇਰੈਕਟਰਜ਼ ਵਲੋਂ ਲਏ ਗਏ ਇਸ ਫੈਸਲੇ ਅਨੁਸਾਰ, ਡਿਊਟੀ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਠੇਕਾ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਅਤੇ ਮੈਡੀਕਲ ਸਹੂਲਤਾਂ ਵਿਚ ਵੱਡਾ ਵਾਧਾ ਕੀਤਾ ਗਿਆ ਹੈ।
ਰਾਮਪੁਰਾ ਫੂਲ, 15 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਿੱਧੇ ਠੇਕੇ (ਡਾਇਰੈਕਟ ਕੰਟਰੈਕਟ) ’ਤੇ ਤਾਇਨਾਤ ਸਕਿੱਲਡ ਵਰਕਰਾਂ ਅਤੇ ਭਵਿੱਖ ਵਿਚ ਭਰਤੀ ਕੀਤੇ ਜਾਣ ਵਾਲੇ ਕਾਮਿਆਂ ਲਈ ਇਕ ਬਹੁਤ ਹੀ ਅਹਿਮ ਤੇ ਰਾਹਤ ਭਰਿਆ ਫੈਸਲਾ ਲਿਆ ਹੈ। ਬੋਰਡ ਆਫ਼ ਡਾਇਰੈਕਟਰਜ਼ ਵਲੋਂ ਲਏ ਗਏ ਇਸ ਫੈਸਲੇ ਅਨੁਸਾਰ, ਡਿਊਟੀ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਠੇਕਾ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਅਤੇ ਮੈਡੀਕਲ ਸਹੂਲਤਾਂ ਵਿਚ ਵੱਡਾ ਵਾਧਾ ਕੀਤਾ ਗਿਆ ਹੈ। ਪਾਵਰਕਾਮ ਦੇ ਉਦਯੋਗਿਕ ਸੰਪਰਕ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ, ਜੇਕਰ ਡਿਊਟੀ ਦੌਰਾਨ ਕਿਸੇ ਸਕਿਲਡ ਠੇਕਾ ਕਾਮੇ ਦੀ ਹਾਦਸੇ ਵਿਚ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਪਰਿਵਾਰ ਨੂੰ 25 ਲੱਖ ਰੁਪਏ ਐਕਸਗ੍ਰੇਸ਼ੀਆ ਤੇ 10 ਲੱਖ ਰੁਪਏ ਗਰੁੱਪ ਇੰਸ਼ੋਰੈਂਸ ਦੇ ਮਿਲਾਕੇ ਕੁੱਲ 35 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਪੂਰੀ ਰਕਮ ਪੀ.ਐਸ.ਪੀ.ਸੀ.ਐਲ. ਆਪਣੇ ਫੰਡਾਂ ਵਿਚੋਂ ਅਦਾ ਕਰੇਗੀ । ਇਸ ਤੋਂ ਇਲਾਵਾ ‘ਡੇਥ ਇਨ ਹਾਰਨੈੱਸ’ ਦੇ ਕੇਸਾਂ ਵਿਚ ਵੀ 2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦੇਣ ਦੀ ਵਿਵਸਥਾ ਕੀਤੀ ਗਈ ਹੈ । ਗੰਭੀਰ ਹਾਦਸਿਆਂ ਵਿਚ ਅਪਾਹਜ ਹੋਣ ਵਾਲੇ ਕਾਮਿਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਡਿਊਟੀ ਦੌਰਾਨ 100 ਫੀਸਦੀ ਨਕਾਰਾ (ਅਪਾਹਜ) ਹੋਣ ਵਾਲੇ ਕਾਮਿਆਂ ਨੂੰ 10 ਲੱਖ ਰੁਪਏ ਦਾ ਐਕਸਗ੍ਰੇਸ਼ੀਆ ਦਿੱਤਾ ਜਾਵੇਗਾ, ਜਦੋਂ ਕਿ ਘੱਟ ਅਪਾਹਜਤਾ ਦੀ ਸੂਰਤ ਵਿਚ ਨੁਕਸਾਨ ਦੇ ਅਨੁਪਾਤ ਹਿਸਾਬ ਨਾਲ ਰਕਮ ਜਾਰੀ ਕੀਤੀ ਜਾਵੇਗੀ । ਜ਼ਖ਼ਮੀ ਕਾਮਿਆਂ ਦੇ ਤੁਰੰਤ ਇਲਾਜ ਲਈ ਰੈਗੂਲਰ ਮੁਲਾਜ਼ਮਾਂ ਵਾਂਗ ਮੈਡੀਕਲ ਅਡਵਾਂਸ ਸਕੀਮ ਲਾਗੂ ਕੀਤੀ ਗਈ ਹੈ । ਇਸ ਅਧੀਨ ਇਲਾਜ ਦੀ ਰਕਮ ਜ਼ਖ਼ਮੀ ਕਾਮੇ ਨੂੰ ਦੇਣ ਦੀ ਬਜਾਏ, ਸਬੰਧਤ ਡਿਵੀਜ਼ਨ ਦੇ ਐਕਸੀਅਨ ਵਲੋਂ ਸਿੱਧੇ ਉਸ ਹਸਪਤਾਲ ਨੂੰ ਜਾਰੀ ਕੀਤੀ ਜਾਵੇਗੀ ਜਿੱਥੇ ਕਾਮਾ ਜ਼ੇਰੇ ਇਲਾਜ ਹੋਵੇਗਾ । ਪਾਵਰਕਾਮ ਦੇ ਇਸ ਇਤਿਹਾਸਕ ਕਦਮ ਨਾਲ ਦਿਨ-ਰਾਤ ਖਤਰਨਾਕ ਹਾਲਾਤਾਂ ਵਿਚ ਲਾਈਨਾਂ ’ਤੇ ਕੰਮ ਕਰਨ ਵਾਲੇ ਹਜ਼ਾਰਾਂ ਕੰਟਰੈਕਟ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡਾ ਸਮਾਜਿਕ ਤੇ ਆਰਥਿਕ ਸੁਰੱਖਿਆ ਛਤਰ ਮਿਲੇਗਾ । ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਅੰਦਰ ਪੰਜਾਬ ਰਾਜ ਕਾਰਪੋਰੇਸ਼ਨ ਦੇ ਤਤਕਾਲੀ ਸੀ.ਐਮ.ਡੀ. ਬਸੰਤ ਗਰਗ ਨੇ 15 ਹਜ਼ਾਰ ਆਊਟ ਸੋਰਸ ਕਾਮਿਆਂ ਨੂੰ ਪਾਵਰਕਾਮ ਵਿਚ ਸਿੱਧੇ ਕੰਟਰੈਕਟ ’ਤੇ ਲੈਣ ਦਾ ਦਾਅਵਾ ਜਿਤਾਇਆ ਸੀ।