ਮੋਗਾ, 30 ਜਨਵਰੀ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਇਕ ਨੌਜਵਾਨ ਨੂੰ ਇਕ ਕਿੱਲੋ ਅਫ਼ੀਮ ਸਮੇਤ ਕਾਬੂ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਿਟੀ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਮੋਗਾ ਦੇ ਮੁੱਖ ਅਫ਼ਸਰ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਜਦ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਕੋਟਕਪੂਰਾ ਬਾਈਪਾਸ 'ਤੇ ਮੌਜੂਦ ਸੀ ਤਾਂ ਮਿਲੀ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਵਲੋਂ ਕਾਰਵਾਈ ਕਰਦਿਆਂ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਪੁੱਤਰ ਮੇਜਰ ਸਿੰਘ ਵਾਸੀ ਹਾਕਮ ਕਾ ਅਗਵਾੜ ਨੂੰ ਇਕ ਕਿੱਲੋ ਅਫ਼ੀਮ ਸਮੇਤ ਕਾਬੂ ਕਰ ਲਿਆ ਅਤੇ ਉਸ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਅੰਡਰ ਸੈਕਸ਼ਨ 18, 61, 85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ | ਡੀ.ਐਸ.ਪੀ. ਸਿਟੀ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਅਫ਼ੀਮ ਸਮੇਤ ਫੜੇ ਗਏ ਨੌਜਵਾਨ ਨੂੰ ਮਾਣਯੋਗ ਅਦਾਲਤ ਪੇਸ਼ ਕੀਤਾ ਜਾਵੇਗਾ ਤਾਂ ਕਿ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਅਤੇ ਉਸ ਦੇ ਨਸ਼ਾ ਤਸਕਰੀ ਦੇ ਸੰਬੰਧਾਂ ਬਾਰੇ ਪਤਾ ਲਗਾਇਆ ਜਾ ਸਕੇ |