ਨਿਹਾਲ ਸਿੰਘ ਵਾਲਾ, 20 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਵਿਸ਼ੇਸ਼ ਕਿਸਾਨ ਪੰਚਾਇਤ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਨਾਨਕਸਰ ਤਖ਼ਤੂਪੁਰਾ ਸਾਹਿਬ ਵਿਖੇ ਹੋਈ | ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਅਤੇ ਨਕਲੀ ਦੁੱਧ ਦੀ ਬਰੀਕੀ ਨਾਲ ਜਾਂਚ ਕਰਨ ਲਈ ਹਰ ਜ਼ਿਲ੍ਹੇ ਅੰਦਰ ਆਧੁਨਿਕ ਲੈਬਾਂ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਕਿਸਾਨਾਂ ਸਿਰ ਚੜ੍ਹੇ ਹਰ ਕਿਸਮ ਦੇ ਕਰਜ਼ਿਆਂ ਨੂੰ ਖ਼ਤਮ ਕੀਤਾ ਜਾਵੇ ਅਤੇ ਅੱਗੇ ਤੋਂ ਕਿਸਾਨੀ ਜਿਨਸਾਂ ਦੀਆਂ ਕੀਮਤਾਂ ਡਾ. ਸਵਾਮੀਨਾਥਨ ਦੀ ਸਿਫ਼ਾਰਸ਼ ਅਨੁਸਾਰ ਸੀ-2 ਫ਼ਾਰਮੂਲੇ ਮੁਤਾਬਿਕ ਤਹਿ ਕੀਤੀਆਂ ਜਾਣ | ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਨੂੰ ਸੰਸਦ 'ਚ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਵਿਰੱੁਧ ਤੁਰੰਤ ਸੰਘਰਸ਼ ਕਰਨ ਲਈ ਜਥੇਬੰਦੀ ਪੂਰੀ ਤਿਆਰੀ ਨਾਲ ਸੰਘਰਸ਼ ਕਰੇਗੀ | ਇਸ ਮੌਕੇ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ ਹਨ ਤੇ ਰੋਜ਼ਾਨਾ ਰਾਜ 'ਚ ਨਸ਼ਿਆਂ ਕਰ ਕੇ ਨੌਜਵਾਨੀ ਦੀਆਂ ਮੌਤਾਂ ਹੋ ਰਹੀਆਂ ਹਨ | ਇਸ ਮੌਕੇ ਬਲਾਕ ਪ੍ਰਧਾਨ ਬਾਘਾ ਪੁਰਾਣਾ ਮੇਜਰ ਸਿੰਘ ਘੋਲੀਆ ਵਲੋਂ ਰਾਜ ਦੀ ਅਮਨ ਕਾਨੂੰਨ ਦੀ ਵਿਵਸਥਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਕਰ ਕੇ ਹਰ ਪੰਜਾਬੀ ਸਹਿਮ ਅਤੇ ਡਰ ਦੇ ਪ੍ਰਭਾਵ 'ਚ ਜ਼ਿੰਦਗੀ ਬਸਰ ਕਰ ਰਿਹਾ ਹੈ | ਇਸ ਮੌਕੇ ਕਿਸਾਨ ਪੰਚਾਇਤ 'ਚ ਸਰਪੰਚ ਬਲਜੀਤ ਸਿੰਘ ਚੁਗਾਵਾਂ, ਸਰਪੰਚ ਗੁਰਵਿੰਦਰ ਸਿੰਘ ਰੌਲੀ, ਜੁਗਰਾਜ ਸਿੰਘ ਰਾਜਾ ਦੌਲਤਪੁਰਾ, ਜਸਵਿੰਦਰ ਸਿੰਘ ਬਲਾਕ ਜਨਰਲ ਸਕੱਤਰ ਨਿਹਾਲ ਸਿੰਘ ਵਾਲਾ, ਮਨਪ੍ਰੀਤ ਸਿੰਘ ਫ਼ਾਜ਼ਿਲਕਾ, ਪੰਡਿਤ ਸੋਮ ਨਾਥ ਸ਼੍ਰੋਮਣੀ ਕਵੀਸ਼ਰ ਰੋਡੇ, ਮਨੋਹਰ ਸਿੰਘ ਬਰਾੜ ਰੋਡੇ ਨੇ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਕਿਸਾਨ ਪੰਚਾਇਤ 'ਚ ਬਲਾਕ ਬਾਘਾ ਪੁਰਾਣਾ, ਬਲਾਕ ਨਿਹਾਲ ਸਿੰਘ ਵਾਲਾ, ਬਲਾਕ ਧਰਮਕੋਟ, ਬਲਾਕ ਕੋਟ ਈਸੇ ਖਾਂ, ਬਲਾਕ ਧਰਮਕੋਟ ਤੇ ਬਲਾਕ ਮੋਗਾ ਇਕ ਅਤੇ ਦੋ ਤੋਂ ਇਲਾਵਾ ਸਰਪੰਚ ਬਲਦੇਵ ਸਿੰਘ ਖੁਖਰਾਣਾ, ਬਲਕਰਨ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ, ਹਰਪ੍ਰੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਆਗੂ ਅਤੇ ਮੈਂਬਰ ਹਾਜ਼ਰ ਸਨ |