ਮੋਗਾ, 17 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਜਸਵੰਤ ਕੜਿਆਲ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਹਿਗਲ, ਮੀਤ ਪ੍ਰਧਾਨ ਮੈਡਮ ਨਿਧੀ, ਮੈਡਮ ਨੀਤੂ, ਪੈੱ੍ਰਸ ਸਕੱਤਰ ਜਸਵਿੰਦਰ ਸਿੰਘ, ਵਿੱਤ ਸਕੱਤਰ ਗੁਰਪ੍ਰੀਤ ਸਿੰਘ, ਸਟਰੇਟ ਕਮੇਟੀ ਮੈਂਬਰ ਗਗਨਦੀਪ ਸਿੰਘ, ਨਿਰਵੈਰ ਸਿੰਘ, ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਸੂਬੇ ਦੇ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਸ਼ੁਰੂਆਤ ਕਰ ਚੁੱਕੀ ਹੈ | ਸਿੱਖਿਆ ਦੀ ਕਾਇਆ ਪਲਟ ਕਰਨ ਵਰਗੇ ਨਾਅਰੇ ਦੇ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਦੇ ਝੂਠੇ ਨਾਅਰੇ ਦੇ ਕੇ ਸਿੱਖਿਆ ਨੂੰ ਹੀ ਖਤਮ ਕਰਨ ਦਾ ਬੀੜਾ ਚੁੱਕ ਲਿਆ ਹੈ | ਬਲਾਕ ਪ੍ਰਧਾਨ ਅਮਨਦੀਪ ਸਿੰਘ, ਨਿਰਮਲਜੀਤ ਸਿੰਘ, ਬਲਰਾਜ ਕੋਕਰੀ, ਅਰੁਣ ਕੁਮਾਰ, ਸੰਦੀਪ ਕੁਮਾਰ ਨੇ ਦੱਸਿਆ ਕਿ 10 ਅਪ੍ਰੈਲ ਨੂੰ ਡੀ.ਜੀ.ਐਸ.ਸੀ. ਵਲੋਂ ਜਾਰੀ ਹੋਏ ਪੱਤਰ ਵਿਚ ਮਿਡਲ ਸਕੂਲਾਂ ਵਿਚ ਗਿਣਤੀ ਦੇ ਆਧਾਰ 'ਤੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਕਿਸੇ ਹੋਰ ਸਕੂਲਾਂ ਵਿਚ ਕਰਨ ਦੇ ਨਿਰਦੇਸ਼ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਦੇ ਦਿੱਤੇ ਗਏ ਹਨ | ਉਪਰੋਕਤ ਪੱਤਰ ਵਿਚ 30 ਵਿਦਿਆਰਥੀਆਂ ਦੀ ਗਿਣਤੀ ਵਾਲੇ ਮਿਡਲ ਸਕੂਲਾਂ ਵਿਚ 2 ਅਧਿਆਪਕ, 60 ਵਿਦਿਆਰਥੀਆਂ ਤੱਕ 3 ਅਧਿਆਪਕ ਅਤੇ 90 ਵਿਦਿਆਰਥੀਆਂ ਤੱਕ 4 ਅਧਿਆਪਕ ਹੀ ਰੱਖਣ ਦਾ ਹੁਕਮ ਦੇ ਦਿੱਤਾ ਗਿਆ ਹੈ | ਇਸ ਗਿਣਤੀ ਤੋਂ ਵੱਧ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਹੋਰ ਸਕੂਲਾਂ 'ਚ ਕਰਨ ਦਾ ਹੁਕਮ ਦਿੱਤਾ ਗਿਆ ਹੈ | ਪੰਜਾਬੀ ਅਧਿਆਪਕ, ਗਣਿਤ, ਸਾਇੰਸ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਰਗੇ ਔਖੇ ਵਿਸ਼ੇ ਕਿਵੇਂ ਪੜ੍ਹਾਏਗਾ | ਇਸੇ ਤਰ੍ਹਾਂ ਦੂਜੇ ਵਿਸ਼ੇ ਦਾ ਅਧਿਆਪਕ ਬਾਕੀ ਵਿਸ਼ਿਆਂ ਨੂੰ ਕਿਵੇਂ ਇਨਸਾਫ ਕਰੇਗਾ | ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਮੰਗ ਕਰਦਿਆਂ ਸਰਕਾਰ ਨੂੰ ਉਕਤ ਪੱਤਰ ਵਾਪਸ ਲੈ ਕੇ ਪੰਜਾਬ ਦੇ ਸਾਰੇ ਮਿਡਲ ਸਕੂਲਾਂ ਵਿਚ ਹਰੇਕ ਵਿਸ਼ੇ ਦੇ ਅਧਿਆਪਕ ਨਿਯੁਕਤ ਕਰਨ ਦੀ ਅਪੀਲ ਕੀਤੀ | ਇਸ ਸਮੇਂ ਇੰਦਰਪਾਲ ਸਿੰਘ, ਭੁਪਿੰਦਰਪਾਲ ਸਿੰਘ, ਰਜੇਸ਼ ਕੁਮਾਰ, ਵਿਨੀਤ ਕੁਮਾਰ, ਰਣਜੀਤ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ |