ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੇ ਗਣਿਤ ਵਿਭਾਗ ਦੀ ਰਾਮਾਨੁਜਨ ਸੁਸਾਇਟੀ ਵਲੋਂ ਵਿਦਿਆਰਥਣਾਂ ਵਿਚ ਗਣਿਤ ਦੇ ਡਰ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਬੁਨਿਆਦੀ ਸੰਕਲਪ ਮਜ਼ਬੂਤ ਕਰਨ ਦੇ ਮੰਤਵ ਨਾਲ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਦਾ ਵਿਸ਼ਾ ''ਮੁੱਢਲੇ ਗਣਿਤ ਦੀਆਂ ਬਾਰੀਕੀਆਂ ਅਤੇ ਰੋਜ਼ਾਨਾ ਜੀਵਨ ਵਿਚ ਵਰਤੋਂ'' ਰੱਖਿਆ ਗਿਆ | ਵਰਕਸ਼ਾਪ ਦਾ ਉਦਘਾਟਨ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਾਬਾ ਜਗਦੇਵ ਸਿੰਘ, ਚਰਨਜੀਤ ਸਿੰਘ ਗੱਬੀ, ਜੱਸਾ ਸਿੰਘ, ਚਰਨਜੀਤ ਸਿੰਘ ਸਿੱਧੂ, ਸੁਖਦੇਵ ਸਿੰਘ, ਦੀਆ ਸਿੰਘ ਅਤੇ ਅਜਮੇਰ ਸਿੰਘ ਦੇ ਨਾਲ ਪਿ੍ੰਸੀਪਲ ਡਾ. ਸੋਨੀਆ ਜਿੰਦਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ 100 ਤੋਂ ਵੱਧ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ | ਗਣਿਤ ਵਿਭਾਗ ਦੀ ਮੁਖੀ ਪ੍ਰੋ. ਸ਼ੀਤਲ ਨਈਅਰ ਨੇ ਵਿਦਿਆਰਥਣਾਂ ਨੂੰ ਅੰਕਗਣਿਤ, ਬੀਜ ਗਣਿਤ ਅਤੇ ਰੇਖਾ-ਗਣਿਤ ਦੇ ਮੂਲ ਸਿਧਾਂਤ ਬਹੁਤ ਹੀ ਸਰਲ ਅਤੇ ਰੋਚਕ ਢੰਗ ਨਾਲ ਸਮਝਾਏ | ਉਨ੍ਹਾਂ ਨੇ ਗਣਿਤ ਨੂੰ ਰੋਜ਼ਾਨਾ ਜੀਵਨ ਨਾਲ ਜੋੜਦੇ ਹੋਏ ਇਸ ਦੀ ਪ੍ਰਯੋਗਸ਼ੀਲਤਾ 'ਤੇ ਵੀ ਚਰਚਾ ਕੀਤੀ | ਇਸ ਤੋਂ ਇਲਾਵਾ ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਅਮਨਜੋਤ ਕੌਰ ਨੇ ਸਪੀਡ ਕੈਲਕੂਲੇਸ਼ਨ ਅਤੇ ਬੌਧਿਕ ਗਣਿਤ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ, ਜੋ ਖ਼ਾਸ ਕਰਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਲਾਭਦਾਇਕ ਸਾਬਤ ਹੋਣਗੀਆਂ | ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਦੀਆਂ ਸ਼ੰਕਾਵਾਂ ਦੇ ਨਿਵਾਰਣ ਲਈ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਵਰਕਸ਼ਾਪ ਦੇ ਅੰਤ ਵਿਚ ਪਿ੍ੰਸੀਪਲ ਡਾ. ਸੋਨੀਆ ਜਿੰਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗਣਿਤ ਸਿਰਫ਼ ਪ੍ਰੀਖਿਆਵਾਂ ਲਈ ਹੀ ਨਹੀਂ, ਸਗੋਂ ਜੀਵਨ ਵਿਚ ਤਰਕਸ਼ੀਲ ਸੋਚ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਵਿਕਸਿਤ ਕਰਨ ਲਈ ਬਹੁਤ ਮਹੱਤਵਪੂਰਨ ਵਿਸ਼ਾ ਹੈ | ਅੰਤ ਵਿਚ ਕਾਲਜ ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਵਲੋਂ ਗਣਿਤ ਵਿਭਾਗ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ |