ਅਜੀਤਵਾਲ, 23 ਅਪ੍ਰੈਲ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ (ਮੋਗਾ) ਵਲੋਂ ਕਾਲਜ ਮੈਨੇਜਮੈਂਟ ਕਮੇਟੀ ਚੇਅਰਮੈਨ ਰੋਹਨ ਸਚਦੇਵਾ, ਮੈਨੇਜਿੰਗ ਡਾਇਰੈਕਟਰ ਹੀਰਾ ਲਾਲ ਸ਼ਰਮਾ, ਜਨਰਲ ਸਕੱਤਰ ਡਾ. ਹਰਜੋਤ ਕਮਲ ਤੇ ਪਿ੍ੰਸੀਪਲ ਡਾ. ਉਮੇਸ਼ ਦੀ ਯੋਗ ਅਗਵਾਈ ਹੇਠ ਬੀ. ਐਡ, ਐਮ.ਐਡ ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਚੰਦ ਪੁਰਾਣਾ ਵਿਖੇ ਬਜ਼ੁਰਗਾਂ ਨਾਲ ਮਿਲ ਕੇ ਦੁੱਖ-ਸੁੱਖ ਸਾਂਝੇ ਕੀਤੇ ਤੇ ਬਜ਼ੁਰਗਾਂ ਦੇ ਕਮਰਿਆਂ ਦੀ ਸਾਫ਼ ਸਫ਼ਾਈ ਕੀਤੀ ਤੇ ਬਜ਼ੁਰਗਾਂ ਦਾ ਇਸ਼ਨਾਨ ਕਰਵਾ ਕੇ ਉਨ੍ਹਾਂ ਨੂੰ ਨਵੇਂ ਕੱਪੜੇ ਪਹਿਨਾਏ | ਬਜ਼ੁਰਗਾਂ ਨੂੰ ਕੱਪੜੇ, ਦਵਾਈਆਂ, ਫਲ, ਪੀਣ ਵਾਲੇ ਪਦਾਰਥ, ਬਿਸਕੁਟ, ਕੱਪੜੇ ਧੋਣ ਤੇ ਨਹਾਉਣ ਲਈ ਸਾਬਣ, ਸਰਫ਼ ਅਤੇ ਹੋਰ ਲੋੜੀਂਦੇ ਸਮਾਨ ਦੀ ਸਹਾਇਤਾ ਕੀਤੀ | ਆਸ਼ਰਮ ਦੇ ਬਜ਼ੁਰਗਾਂ ਨੇ ਵਿਦਿਆਰਥੀਆਂ ਦੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ | ਕਾਲਜ ਦੇ ਸੀਨੀਅਰ ਪ੍ਰੋ. ਡਾ. ਅਜੇ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜ ਵਿਦਿਆਰਥੀਆਂ ਵਿਚ ਸੇਵਾ ਭਾਵਨਾ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਣ ਦੇ ਨਾਲ ਇਨਸਾਨੀਅਤ ਪ੍ਰਤੀ ਫ਼ਰਜ਼ਾਂ ਨੂੰ ਨਿਭਾਉਣ ਦੀ ਸਿੱਖਿਆ ਵੀ ਦਿੰਦੇ ਹਨ | ਉਨ੍ਹਾਂ ਵਿਦਿਆਰਥੀਆਂ ਵਿਚ ਅਜਿਹੇ ਕਾਰਜਾਂ ਦੀ ਭਾਵਨਾ ਪੈਦਾ ਕਰਨ ਲਈ ਇੰਚਾਰਜ ਪ੍ਰੋਫ਼ੈਸਰ ਹਰਿਮੰਦਰ ਸਿੰਘ ਅਤੇ ਮੈਡਮ ਪ੍ਰੀਆ ਬੇਦੀ ਦੀ ਸ਼ਲਾਘਾ ਕਰਦਿਆਂ ਭਵਿੱਖ 'ਚ ਅਜਿਹੇ ਕਾਰਜ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |