ਮੋਗਾ, 25 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਵਿਖੇ ਮਾਨਵਤਾ ਦੇ ਰਹਿਬਰ ਅਤੇ ਮਹਾਨ ਕ੍ਰਾਂਤੀਕਾਰੀ ਰਹਿਬਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਬੜੀ ਹੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ | ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਕੂਲ ਵਿਚ ਵੱਖ-ਵੱਖ ਵਿੱਦਿਅਕ ਅਤੇ ਰਚਨਾਤਮਿਕ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਸੰਕਲਪ ਅਤੇ ਮਨੁੱਖੀ ਬਰਾਬਰੀ ਦੇ ਸਿਧਾਂਤਾਂ ਤੋਂ ਜਾਣੂੰ ਕਰਵਾਉਣਾ ਹੈ | ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਕੱਤਰ ਹੋ ਕੇ ਸਮਾਜਿਕ ਬਰਾਬਰੀ, ਭਾਈਚਾਰਕ ਸਾਂਝ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢ ਕੇ ਇਕ ਅਜਿਹੇ ਸਮਾਜ ਦੀ ਸਿਰਜਣਾ ਦਾ ਮਾਰਗ ਦਰਸਾਉਂਦੀ ਹੈ ਜਿੱਥੇ ਕੋਈ ਊਚ-ਨੀਚ ਨਾ ਹੋਵੇ | ਸਕੂਲ ਵਲੋਂ ਗੁਰੂ ਜੀ ਦੇ ਜੀਵਨ ਦਰਸ਼ਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਕਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਅਪ੍ਰੈਲ ਮਹੀਨੇ ਦੀ ਸਮਾਂ ਸਾਰਨੀ ਮੁਤਾਬਿਕ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਪਰਖਣ ਲਈ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਇਸ ਵਿਚ ਗੁਰੂ ਜੀ ਦੇ ਜੀਵਨ, ਉਨ੍ਹਾਂ ਦੀ ਬਾਣੀ ਅਤੇ ਸਮਾਜਿਕ ਸੁਧਾਰਾਂ ਬਾਰੇ ਪ੍ਰਸ਼ਨ ਪੁੱਛੇ ਗਏ | ਇਸ ਵਿਚ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ | ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰੂ ਜੀ ਨੇ ਕਿਸ ਤਰ੍ਹਾਂ ਕਿਰਤ ਦੀ ਮਾਨਤਾ ਅਤੇ ਪ੍ਰਭੂ ਭਗਤੀ ਦਾ ਸੁਮੇਲ ਪੇਸ਼ ਕੀਤਾ | ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ ਅਤੇ ਸਕੂਲ ਪਿ੍ੰਸੀਪਲ ਵੇਦ ਪ੍ਰਕਾਸ਼ ਨੇ ਕਿਹਾ ਕਿ ਜਿੱਥੇ ਅਸੀਂ ਸ਼ਰਧਾ ਨਾਲ ਉਨ੍ਹਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਉੱਥੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਅਸਲੀ ਸ਼ਰਧਾਂਜਲੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਮਈ ਮਹੀਨੇ ਵਿਚ ਸਮਾਨਤਾ ਅਤੇ ਭਾਈਚਾਰਾ ਵਿਸ਼ੇ 'ਤੇ ਪੇਂਟਿੰਗ ਮੁਕਾਬਲੇ ਕਰਵਾ ਕੇ ਬੱਚਿਆਂ ਦੀ ਕਲਾ ਰਾਹੀਂ ਗੁਰੂ ਜੀ ਦੇ ਸੰਦੇਸ਼ ਨੂੰ ਹੋਰ ਗੂੜ੍ਹਾ ਕੀਤਾ ਜਾਵੇਗਾ | ਇਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ | ਸਮੁੱਚਾ ਸਕੂਲ ਕੰਪਲੈਕਸ ਗੁਰੂ ਜੀ ਦੀ ਮਹਿਮਾ ਅਤੇ ਅਧਿਆਤਮਿਕ ਰੰਗ ਵਿਚ ਰੰਗਿਆ ਨਜ਼ਰ ਆਇਆ |