ਮੋਗਾ, 25 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਪਿੰਡ ਰੱਤੀਆਂ ਵਿਖੇ ਬਣੀ ਧੰਨ-ਧੰਨ ਬਾਬਾ ਕਾਲਾ ਮਹਿਰ ਦੀ ਨਿੱਜੀ ਜਗ੍ਹਾ ਉੱਪਰ ਪੰਚਾਇਤ ਵਲੋਂ ਪਿਛਲੇ ਦਿਨੀਂ ਗਲੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਸੰਧੂ ਭਾਈਚਾਰੇ ਦੇ ਪਰਿਵਾਰਾਂ ਵਲੋਂ ਰੋਕ ਦਿੱਤਾ ਗਿਆ | ਅੱਜ ਇਸ ਜਗ੍ਹਾ ਉੱਪਰ ਇਕੱਠੇ ਹੋਏ ਸੰਧੂ ਪਰਿਵਾਰ ਦੇ ਆਗੂਆਂ ਸਾਬਕਾ ਸਰਪੰਚ ਗੁਰਸੇਵਕ ਸਿੰਘ ਸੰਧੂ, ਡਾ. ਬੋਹੜ ਸਿੰਘ ਸੰਧੂ ਤੇ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਜ਼ਮੀਨ ਸੰਧੂ ਪਰਿਵਾਰਾਂ ਵਲੋਂ ਸਾਂਝੇ ਤੌਰ 'ਤੇ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਤੋਂ ਖ਼ਰੀਦ ਕੇ ਬਾਬਾ ਕਾਲਾ ਮਹਿਰ ਦੀ ਜਗ੍ਹਾ ਬਣਾਈ ਗਈ ਹੈ ਤੇ ਇਸ ਜ਼ਮੀਨ ਦੀ ਮਾਲਕੀ ਵੀ ਹੁਣ ਸਰਕਾਰੀ ਰਿਕਾਰਡ ਵਿਚ ਧੰਨ-ਧੰਨ ਬਾਬਾ ਕਾਲਾ ਮਹਿਰ ਕਮੇਟੀ ਦੇ ਨਾਂਅ ਹੈ ਪਰ ਪਿੰਡ ਦੀ ਪੰਚਾਇਤ ਇਸ ਜਗ੍ਹਾ ਉੱਪਰ ਇੱਟਾਂ ਦੀ ਚਿਣਾਈ ਕਰ ਕੇ ਸਰਕਾਰੀ ਗਲੀ ਕੱਢਣੀ ਚਾਹੁੰਦੀ ਹੈ ਜਿਸ ਦੀ ਸ਼ਿਕਾਇਤ ਅਸੀਂ ਬੀ.ਡੀ.ਪੀ.ਓ. ਮੋਗਾ ਨੂੰ ਲਿਖਤੀ ਤੌਰ 'ਤੇ ਦਿੱਤੀ ਸੀ ਜਿਸ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਪੰਚਾਇਤ ਸੈਕਟਰੀ ਨੂੰ ਕੰਮ ਰੋਕ ਕੇ ਸਮਾਨ ਚੁੱਕ ਲੈਣ ਲਈ ਕਿਹਾ ਸੀ ਪਰ ਪੰਚਾਇਤ ਹੁਣ ਬਿਨਾਂ ਵਜ੍ਹਾ ਸਮਾਨ ਖ਼ੁਰਦ-ਬੁਰਦ ਕਰਨ ਤੇ ਕੋਈ ਨਾ ਕੋਈ ਨੋਟਿਸ ਭੇਜ ਕੇ ਸੰਧੂ ਪਰਿਵਾਰਾਂ ਨੂੰ ਪਰੇਸ਼ਾਨ ਕਰ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਦੀ ਨਿੱਜੀ ਜਗ੍ਹਾ ਵਿਚ ਸਰਕਾਰੀ ਗਲੀ ਨਹੀਂ ਬਣਾਈ ਜਾ ਸਕਦੀ | ਇਸ ਕਰ ਕੇ ਪੰਚਾਇਤ ਨੂੰ ਹਦਾਇਤ ਕੀਤੀ ਜਾਵੇ ਕਿ ਇਨ੍ਹਾਂ ਪਰਿਵਾਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ | ਇਸ ਸਬੰਧੀ ਸਰਪੰਚ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਕਮੇਟੀ ਦੀ ਸਹਿਮਤੀ ਨਾਲ ਹੀ ਕੰਮ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਦੇ ਕਹਿਣ 'ਤੇ ਕੰਮ ਬੰਦ ਕਰ ਦਿੱਤਾ ਗਿਆ ਹੈ ਪਰ ਪੰਚਾਇਤ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਇੱਟਾਂ ਰੇਤਾ ਤੇ ਬਜਰੀ ਸੁੱਟੀ ਗਈ ਸੀ ਉਹ ਪੰਚਾਇਤ ਨੂੰ ਦਿੱਤੀ ਜਾਵੇ |