ਚੋਣਾਂ ਤੋਂ ਪਹਿਲਾਂ ਹੀ ਲੀਰੋ-ਲੀਰ ਹੋਣ ਲੱਗੀ ਆਮ ਆਦਮੀ ਪਾਰਟੀ-ਮੁਖ਼ਤਿਆਰ ਸਿੰਘ ਸੰਧੂ
ਅਜੀਤ ਡੈਸਕ
26-04-2026
ਮੋਗਾ, 25 ਅਪ੍ਰੈਲ (ਸੁਰਿੰਦਰਪਾਲ ਸਿੰਘ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਲੀਰੋ-ਲੀਰ ਹੋਣ ਲੱਗੀ ਹੈ ਆਮ ਆਦਮੀ ਪਾਰਟੀ ਜਿਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਜਿੱਥੇ ਸੂਬੇ ਦੇ ਲੋਕਾਂ ਦਾ ਆਪ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਉੱਥੇ ਹੁਣ ਇਨ੍ਹਾਂ ਦੇ ਆਗੂ ਵੀ ਪੂਰੀ ਤਰ੍ਹਾਂ ਅੱਕੇ ਹੋਏ ਹਨ ਅਤੇ ਜੋ ਸੱਤ ਰਾਜ ਸਭਾ ਮੈਂਬਰਾਂ ਨੇ ਭਾਜਪਾ ਵਿਚ ਸ਼ਮੂਲੀਅਤ ਨਾਲ ਜਿੱਥੇ ਭਾਜਪਾ ਲਈ ਸ਼ੁੱਭ ਸ਼ਗਨ ਹੈ ਉੱਥੇ ਆਮ ਆਦਮੀ ਪਾਰਟੀ ਦੀ ਅੰਦਰੋਂ ਅੰਦਰ ਸੁਲਗਦੀ ਬਗ਼ਾਵਤ ਵੀ ਸਭ ਦੇ ਸਾਹਮਣੇ ਆ ਗਈ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਭਾਜਪਾ ਆਪਣੇ ਬਲਬੂਤੇ ਚੋਣਾਂ ਲੜੇਗੀ ਤੇ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਸੂਬੇ ਅੰਦਰ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ | ਸੰਧੂ ਨੇ ਕਿਹਾ ਆਉਣ ਵਾਲੇ ਦਿਨਾਂ ਵਿਚ ਹੋਰ ਪਾਰਟੀਆਂ ਦੇ ਦਿੱਗਜ ਆਗੂ ਵੀ ਭਾਜਪਾ ਵਿਚ ਸ਼ਾਮਿਲ ਹੋਣਗੇ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਸ਼ਵ ਵਿਆਪੀ ਨੀਤੀਆਂ ਅਤੇ ਦੇਸ਼ ਵਿਚ ਹੋਈ ਤਰੱਕੀ ਤੋਂ ਬਾਗ਼ੋ-ਬਾਗ਼ ਹਨ | ਇਸ ਲਈ ਭਾਜਪਾ ਸਭ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ |