ਨੱਥੂਵਾਲਾ ਗਰਬੀ, 1 ਮਈ (ਨਵਦੀਪ ਸਿੰਘ)-ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਦਸਾਂ 'ਚੋਂ ਸੱਤ ਰਾਜ ਸਭਾ ਦੇ ਮੈਂਬਰ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਿਲ ਹੋਏ ਹਨ | ਇਸ ਮੁੱਦੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਹਲਾ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲਾਲਚ ਵੱਸ ਰਾਜ ਸਭਾ ਦੀਆਂ ਟਿਕਟਾਂ ਉਦਯੋਗਪਤੀਆਂ ਅਤੇ ਉਨ੍ਹਾਂ ਲੋਕਾਂ ਨੂੰ ਦਿੱਤੀਆਂ ਜਿਨ੍ਹਾਂ ਦਾ ਪੰਜਾਬ ਦੇ ਭਲੇ ਨਾਲ ਕੋਈ ਵਾਹ ਵਾਸਤਾ ਨਹੀ ਹੈ, ਜਿਸ ਕਰਕੇ ਅੱਜ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਅਤੇ ਉਸ ਦੇ ਸੱਤ ਰਾਜ ਸਭਾ ਮੈਂਬਰ ਪਾਰਟੀ ਦੀਆਂ ਗਲਤ ਨੀਤੀਆਂ ਦੇ ਕਾਰਨ ਭਾਜਪਾ ਵਿਚ ਚਲੇ ਗਏ | ਇਸ ਸਾਰੇ ਘਟਨਾ ਚੱਕਰ ਦੇ ਜ਼ਿੰਮੇਵਾਰ ਖ਼ੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ ਕਿਉਂਕਿ ਜਦੋਂ ਦਿੱਲੀ ਵਾਲਿਆਂ ਵਲੋਂ ਰਾਜ ਸਭਾ ਦੀਆਂ ਟਿਕਟਾਂ ਅਮੀਰਾਂ, ਗੈਰ ਪੰਜਾਬੀਆਂ ਨੂੰ ਦਿੱਤੀਆਂ ਜਾ ਰਹੀਆਂ ਸਨ ਉਸ ਸਮੇਂ ਮੁੱਖ ਮੰਤਰੀ ਨੇ ਵੀ ਸਹਿਮਤੀ ਦਿੱਤੀ ਸੀ ਅੱਜ ਕਿਸ ਮੂੰਹ ਨਾਲ ਉਨ੍ਹਾਂ ਲੋਕਾਂ ਨੂੰ ਪੰਜਾਬ ਦੇ ਗ਼ੱਦਾਰ ਕਹਿ ਰਹੇ ਹਨ, ਜੇਕਰ ਉਸ ਸਮੇਂ ਹੀ ਕੇਜਰੀਵਾਲ ਅਤੇ ਉਸ ਦੀ ਟੀਮ ਦਾ ਖੁੱਲ ਕੇ ਵਿਰੋਧ ਕਰਦੇ ਅਤੇ ਰਾਜ ਸਭਾ ਦੀਆਂ ਟਿਕਟਾਂ ਪੰਜਾਬ ਦੇ ਆਮ ਲੋਕਾਂ ਕਿਸਾਨਾਂ-ਮਜ਼ਦੂਰਾਂ ਅਤੇ ਪਾਰਟੀ ਦੇ ਵਰਕਰਾਂ ਨੂੰ ਦਿੰਦੇ ਤਾਂ ਉਨ੍ਹਾਂ ਨੂੰ ਅੱਜ ਆਹ ਬੁਰੇ ਦਿਨ ਨਾ ਦੇਖਣੇ ਪੈਂਦੇ |