ਬਾਘਾ ਪੁਰਾਣਾ, 10 ਮਈ (ਟਿੰਕੂ ਕਾਠਪਾਲ)-ਭਾਰਤ ਵਿਕਾਸ ਪਰਿਸ਼ਦ ਦੇ ਸੰਜੀਵ ਮਿੱਤਲ, ਦਵਿੰਦਰ ਬਾਂਸਲ, ਅਤੇ ਭੂਸ਼ਨ ਗੋਇਲ ਵਲੋਂ ਅੱਜ ਉੱਘੇ ਸਮਾਜ ਸੇਵੀ ਅਤੇ ਐਡਵੋਕੇਟ ਅਮਿਤ ਅਗਰਵਾਲ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਅਮਿਤ ਅਗਰਵਾਲ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਰਟੀਆਈ ਸੈਲ ਦਾ ਉਪ ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਪ੍ਰੀਸ਼ਦ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਐਡਵੋਕੇਟ ਅਮਿਤ ਅਗਰਵਾਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਅਮਿਤ ਅਗਰਵਾਲ ਵਰਗੇ ਮਿਹਨਤੀ, ਇਮਾਨਦਾਰ ਅਤੇ ਪੜ੍ਹੇ-ਲਿਖੇ ਨੌਜਵਾਨਾਂ ਦਾ ਸਿਆਸਤ ਵਿਚ ਆਉਣਾ ਸਮਾਜ ਲਈ ਬਹੁਤ ਹੀ ਸਕਾਰਾਤਮਿਕ ਸੰਕੇਤ ਹੈ | ਉਨ੍ਹਾਂ ਨੇ ਆਸ ਜਤਾਈ ਕਿ ਅਮਿਤ ਅਗਰਵਾਲ ਆਪਣੇ ਕੰਮ ਅਤੇ ਨਿਸ਼ਠਾ ਨਾਲ ਪਾਰਟੀ ਅਤੇ ਸਮਾਜ ਦੋਹਾਂ ਲਈ ਨਵੀਆਂ ਮਿਸਾਲਾਂ ਕਾਇਮ ਕਰਨਗੇ | ਆਗੂਆਂ ਨੇ ਹੋਰ ਕਿਹਾ ਕਿ ਆਜ ਦੇ ਸਮੇਂ ਵਿਚ ਆਰਟੀਆਈ (ਰਾਈਟ ਟੂ ਇਨਫਰਮੇਸ਼ਨ) ਵਰਗੇ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਅਤੇ ਅਮਿਤ ਅਗਰਵਾਲ ਦੀ ਨਵੀਂ ਜ਼ਿੰਮੇਵਾਰੀ ਇਸ ਮਕਸਦ ਨੂੰ ਅੱਗੇ ਵਧਾਉਣ ਵਿਚ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਉਹ ਆਪਣੀ ਯੋਗਤਾ ਅਤੇ ਅਨੁਭਵ ਨਾਲ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਅਹਿਮ ਭੂਮਿਕਾ ਨਿਭਾਉਣਗੇ | ਇਸ ਦੌਰਾਨ ਐਡਵੋਕੇਟ ਅਮਿਤ ਅਗਰਵਾਲ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਮਿਲਿਆ ਇਹ ਮਾਣ-ਸਤਿਕਾਰ ਉਨ੍ਹਾਂ ਲਈ ਪੇ੍ਰਰਨਾ ਦਾ ਸਰੋਤ ਹੈ ਅਤੇ ਉਹ ਇਸ ਨੂੰ ਸਦਾ ਯਾਦ ਰੱਖਣਗੇ | ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਲੋਂ ਦਿੱਤੀ ਗਈ ਨਵੀਂ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਆਰਟੀਆਈ ਐਕਟ ਦੇ ਜ਼ਰੀਏ ਆਮ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ | ਇਸ ਮੌਕੇ ਹੋਰ ਵੀ ਕਈ ਮੈਂਬਰ ਮੌਜੂਦ ਸਨ ਜਿਨ੍ਹਾਂ ਨੇ ਵੀ ਅਮਿਤ ਅਗਰਵਾਲ ਨੂੰ ੂ ਵਧਾਈ ਦਿੱਤੀ |