ਮੋਗਾ, 24 (ਸੁਰਿੰਦਰਪਾਲ ਸਿੰਘ)-ਹੋਲੀ ਹਾਰਟ ਕਾਨਵੈਂਟ ਸਕੂਲ ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਦੇ ਗਿਆਨ ਅਤੇ ਮਨੋਰੰਜਨ ਨੂੰ ਮੁੱਖ ਰੱਖਦੇ ਹੋਏ ਯੈਲੋ ਡੇ ਬਹੁਤ ਹੀ ਉਤਸ਼ਾਹ ਅਤੇ ਰੌਣਕ ਨਾਲ ਮਨਾਇਆ ਗਿਆ | ਇਸ ਖ਼ਾਸ ਦਿਨ ਦਾ ਮੁੱਖ ਉਦੇਸ਼ ਛੋਟੇ ਬੱਚਿਆਂ ਨੂੰ ਪੀਲੇ ਰੰਗ ਦੀ ਪਛਾਣ ਕਰਵਾਉਣਾ ਅਤੇ ਉਸ ਦੇ ਮਹੱਤਵ ਬਾਰੇ ਦੱਸਣਾ ਸੀ | ਇਸ ਮੌਕੇ ਸਕੂਲ ਦੇ ਕਿੰਡਰਗਾਰਟਨ ਵਿੰਗ ਦੇ ਸਾਰੇ ਬੱਚੇ ਅਤੇ ਅਧਿਆਪਕ ਪੀਲੇ ਰੰਗ ਦੇ ਸੁੰਦਰ ਪਹਿਰਾਵੇ ਪਹਿਨ ਕੇ ਸਕੂਲ ਪਹੁੰਚੇ | ਪੂਰੇ ਸਕੂਲ ਕੈਂਪਸ ਅਤੇ ਜਮਾਤਾਂ ਨੂੰ ਪੀਲੇ ਰੰਗ ਦੇ ਗ਼ੁਬਾਰਿਆਂ, ਰਿਬਨਾਂ ਅਤੇ ਸੂਰਜਮੁਖੀ ਦੇ ਫੁੱਲਾਂ ਨਾਲ ਬਹੁਤ ਹੀ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਸੀ | ਸਾਰਾ ਸਕੂਲ ਪੀਲੇ ਰੰਗ ਦੀ ਚਮਕ ਨਾਲ ਮਹਿਕ ਉੱਠਿਆ | ਬੱਚੇ ਆਪਣੇ ਟਿਫ਼ਨ ਵਿਚ ਖ਼ਾਸ ਤੌਰ 'ਤੇ ਪੀਲੇ ਰੰਗ ਦੇ ਪਕਵਾਨ ਅਤੇ ਫਲ ਲੈ ਕੇ ਆਏ ਸਨ | ਅੱਧੀ ਛੁੱਟੀ ਦੌਰਾਨ ਬੱਚਿਆਂ ਨੇ ਮਿਲ ਕੇ ਕੇਲੇ, ਅੰਬ, ਖਿਚੜੀ, ਪੀਲੇ ਚਾਵਲ ਅਤੇ ਮੈਕਰੋਨੀ ਵਰਗੇ ਸਵਾਦਿਸ਼ਟ ਖਾਣੇ ਦਾ ਅਨੰਦ ਮਾਣਿਆ | ਇਸ ਨਾਲ ਬੱਚਿਆਂ ਨੇ ਸਿਹਤਮੰਦ ਪੀਲੇ ਫਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ | ਦਿਨ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਸਕੂਲ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਬੱਚੇ ਘਰੋਂ ਆਪਣੇ ਪਸੰਦੀਦਾ ਪੀਲੇ ਰੰਗ ਦੇ ਖਿਡੌਣੇ ਜਿਵੇਂ ਕਾਰ, ਟੈਡੀ ਬੀਅਰ, ਗੇਂਦ ਲੈ ਕੇ ਆਏ ਅਤੇ ਜਮਾਤ ਵਿਚ ਉਨ੍ਹਾਂ ਬਾਰੇ ਦੱਸਿਆ | ਬੱਚਿਆਂ ਨੇ ਅਧਿਆਪਕਾਂ ਦੀ ਮਦਦ ਨਾਲ ਕਾਗ਼ਜ਼ ਦੇ ਸੂਰਜਮੁਖੀ ਦੇ ਫੁੱਲ ਅਤੇ ਸੂਰਜ ਦੇ ਮੁਕਟ ਬਣਾਏ | ਬੱਚਿਆਂ ਨੇ ਪੀਲੇ ਰੰਗ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ ਅਤੇ ਸੰਗੀਤ ਦੀਆਂ ਧੁਨਾਂ 'ਤੇ ਖ਼ੂਬ ਡਾਂਸ ਕੀਤਾ | ਸਕੂਲ ਦੇ ਪਿ੍ੰਸੀਪਲ ਮੈਡਮ ਸ਼ਿਵਾਨੀ ਅਰੋੜਾ ਨੇ ਬੱਚਿਆਂ ਦੀ ਇਸ ਖ਼ੂਬਸੂਰਤ ਪੇਸ਼ਕਾਰੀ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪੀਲਾ ਰੰਗ ਖ਼ੁਸ਼ੀ, ਉਮੀਦ ਅਤੇ ਨਵੀਂ ਊਰਜਾ ਦਾ ਪ੍ਰਤੀਕ ਹੈ | ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚੇ ਖੇਡ-ਖੇਡ ਵਿਚ ਚੀਜ਼ਾਂ ਨੂੰ ਜਲਦੀ ਸਿੱਖਦੇ ਹਨ | ਉਨ੍ਹਾਂ ਨੇ ਅਧਿਆਪਕਾਂ ਅਤੇ ਮਾਪਿਆਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ | ਅਖੀਰ ਵਿਚ ਬੱਚਿਆਂ ਨੂੰ ਸੁੰਦਰ ਤੋਹਫ਼ੇ ਦਿੱਤੇ ਗਏ ਅਤੇ ਇਹ ਦਿਨ ਸਾਰਿਆਂ ਲਈ ਯਾਦਗਾਰ ਹੋ ਨਿੱਬੜਿਆ |