ਮੋਗਾ, 29 ਜੂਨ (ਸੁਰਿੰਦਰਪਾਲ ਸਿੰਘ)-ਮਾਣਯੋਗ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਨਿਊ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਨੀਲਮ ਅਰੋੜਾ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਦੀ ਅਗਵਾਈ ਹੇਠ ਅਤੇ ਸਿਮਰਨ ਸਿੰਘ ਸੀ.ਜੀ.ਐਮ. ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਦੀ ਨਿਗਰਾਨੀ ਹੇਠ ਅਤੇ ਪੁਲਿਸ ਵਿਭਾਗ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਰੈੱਡ ਕਰਾਸ ਡੀ-ਅਡੀਕਸ਼ਨ ਕਮ ਰੀਹੈਬਲੀਟੇਸ਼ਨ ਸੈਂਟਰ ਜਨੇਰ ਵਿਖੇ ਨਸ਼ਾ ਦੁਰਵਰਤੋਂ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰ-ਰਾਸ਼ਟਰੀ ਦਿਵਸ ਮਨਾਇਆ ਗਿਆ ਅਤੇ ਨਸ਼ਾ ਕਰਨ ਵਾਲਿਆਂ ਨੂੰ ਜਾਗਰੂਕ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ। ਸੈਮੀਨਾਰ ਦੌਰਾਨ ਸਮੀਰ ਗੁਪਤਾ ਚੀਫ਼ ਲੀਗਲ ਏਡ ਡਿਫੈਂਸ ਕੌਂਸਲ ਮੋਗਾ ਨੇ ਇਸ ਦਿਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਵਸ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਅਤੇ ਗ਼ੈਰ-ਕਾਨੂੰਨੀ ਨਸ਼ਾ ਤਸਕਰੀ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਨਸ਼ਾ-ਮੁਕਤ ਸਮਾਜ ਲਈ ਵਿਸ਼ਵ ਪੱਧਰ ‘ਤੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਹ ਦਿਵਸ 1987 ਵਿਚ ਯੂਨਾਈਟਿਡ ਨੇਸ਼ਨਜ ਵਲੋਂ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਸ਼ੇ ਨਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਪਰਿਵਾਰ ਅਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੰਕਲਪ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਆਓ ਮਿਲ ਕੇ ਨਸ਼ਾ-ਮੁਕਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ। ਇਸ ਤੋਂ ਇਲਾਵਾ ਏ.ਐਸ.ਆਈ. ਕੇਵਲ ਸਿੰਘ ਮੋਗਾ ਨੇ ਵੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰੈੱਡ ਕਰਾਸ ਡੀ-ਅਡੀਕਸ਼ਨ ਕਮ ਰੀਹੈਬਲੀਟੇਸ਼ਨ ਸੈਂਟਰ ਜਨੇਰ ਸੰਸਥਾ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।