ਮੋਗਾ, 29 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਦੀਆਂ 9 ਪ੍ਰਮੁੱਖ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਮੰਚ ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਦੀ ਹੰਗਾਮੀ ਮੀਟਿੰਗ ਅੱਜ ਮੋਗਾ ਦੇ ਫਰੀਡਮ ਫਾਈਟਰ ਹਾਲ ਵਿਖੇ ਸੂਬਾ ਕਨਵੀਨਰ ਸੰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੂਬਾ ਕਨਵੀਨਰਾਂ ਅਤੇ ਕੋ-ਕਨਵੀਨਰਾਂ ਵਿਕਰਮ ਦੇਵ ਸਿੰਘ, ਗੁਰਦੀਪ ਸਿੰਘ ਬਾਸੀ, ਰਜਿੰਦਰ ਸਿੰਘ ਸੰਧਾ, ਦੀਪਕ ਕੰਬੋਜ, ਅਤਿੰਦਰਪਾਲ ਸਿੰਘ ਘੱਗਾ, ਸੁਰਿੰਦਰ ਸਿੰਘ ਸੋਨੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂ ਹਾਜ਼ਰ ਸਨ। ਆਗੂਆਂ ਨੇ ਮੀਟਿੰਗ ਦੌਰਾਨ 15 ਫਰਵਰੀ ਦੀ ਸੰਗਰੂਰ ਰੈਲੀ ਅਤੇ 31 ਮਈ ਨੂੰ ਮੋਹਾਲੀ ਤੋਂ ਚੰਡੀਗੜ੍ਹ ਵੱਲ ਕੀਤੇ ਗਏ ਇਤਿਹਾਸਕ ਰੋਸ ਮਾਰਚ ਦੀ ਸਮੀਖਿਆ ਕਰਦਿਆਂ ਸਰਕਾਰ ਦੇ ਨਕਾਰਾਤਮਿਕ ਰਵੱਈਏ ਦੀ ਨਿਖੇਧੀ ਕੀਤੀ ਅਤੇ ਆਉਣ ਵਾਲੇ ਸੰਘਰਸ਼ੀ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਈ ਮਹੱਤਵਪੂਰਨ ਫ਼ੈਸਲੇ ਲਏ। ਮੋਰਚੇ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਵਾਲਾ ਨੋਟੀਫ਼ਿਕੇਸ਼ਨ ਰੱਦ ਕਰਨ, ਪੰਜਾਬ ਤਨਖ਼ਾਹ ਸਕੇਲ ਤੁਰੰਤ ਬਹਾਲ ਕਰਨ ਆਦਿ ਮੰਗਾਂ ਨੂੰ ਦੁਹਰਾਇਆ ਅਤੇ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ। ਇਸ ਤੋਂ ਇਲਾਵਾ ਕੱਟੇ ਗਏ 37 ਕਿਸਮ ਦੇ ਭੱਤੇ ਬਹਾਲ ਕਰਨ, ਬਕਾਇਆ 18 ਫ਼ੀਸਦੀ ਮਹਿੰਗਾਈ ਭੱਤਾ ਅਤੇ ਬਕਾਏ ਜਾਰੀ ਕਰਨ, ਡੀ.ਏ. ਦੇ ਮਾਮਲੇ ਵਿਚ ਆਈ.ਏ.ਐਸ., ਆਈ.ਪੀ.ਐਸ. ਅਧਿਕਾਰੀਆਂ ਵਾਂਗ ਸਾਰੇ ਮੁਲਾਜ਼ਮਾਂ ਲਈ ਇਕਸਾਰ ਨੀਤੀ ਲਾਗੂ ਕਰਨ ਅਤੇ 4 ਸਤੰਬਰ 2014 ਸਾਲਾਂ ਵਾਲੀ ਡੀ.ਏ.ਸੀ.ਪੀ. ਸਕੀਮ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ। ਮੋਰਚੇ ਨੇ 17 ਜੁਲਾਈ ਨੂੰ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਵਲੋਂ ਮੋਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਭਰਵੀਂ ਅਤੇ ਸੰਗਠਿਤ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ 2 ਜੁਲਾਈ ਤੋਂ 10 ਜੁਲਾਈ ਤੱਕ ਮੋਰਚੇ ਵਿਚ ਸ਼ਾਮਿਲ ਭਾਈਵਾਲ ਜਥੇਬੰਦੀਆਂ ਦੀਆਂ ਸਾਂਝੀਆਂ ਮੀਟਿੰਗਾਂ ਕਰ ਕੇ ਸੰਘਰਸ਼ ਦੀ ਜ਼ਮੀਨੀ ਤਿਆਰੀ ਕੀਤੀ ਜਾਵੇਗੀ। ਇਸ ਉਪਰੰਤ 1 ਤੋਂ 10 ਅਗਸਤ ਤੱਕ ਸੂਬੇ ਭਰ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਜ਼ਿਲ੍ਹਾ ਪੱਧਰੀ ਵੱਡੇ ਰੋਸ ਧਰਨੇ ਦਿੱਤੇ ਜਾਣਗੇ ਅਤੇ ਮੁੱਖ ਮੰਤਰੀ ਦੇ ਨਾਂਅ ਰੋਸ ਪੱਤਰ ਸੌਂਪੇ ਜਾਣਗੇ। ਇਸ ਤੋਂ ਇਲਾਵਾ 26 ਜੁਲਾਈ ਨੂੰ ਸੂਬਾ ਪੱਧਰੀ ਮੀਟਿੰਗ ਕਰ ਕੇ ਅਗਲੇ ਸੰਘਰਸ਼ੀ ਐਕਸ਼ਨ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਮੀਟਿੰਗ ਵਿਚ ਮਹਿੰਦਰ ਕੌੜਿਆਂ ਵਾਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਸ਼ਲਿੰਦਰ ਕੰਬੋਜ, ਇੰਦਰ ਸੁਖਦੀਪ ਸਿੰਘ ਓਡਰਾ, ਦਲਜੀਤ ਸਫ਼ੀਪੁਰ, ਮਨਦੀਪ ਦਸੂਹਾ, ਗੁਰਦੀਪ ਛੰਨਾ, ਜੈਵਲ ਜੈਨ, ਜਸਵਿੰਦਰ ਐਤੀਆਣਾ, ਗੁਰਪ੍ਰੀਤ ਸਿੰਘ ਮੋਗਾ, ਅੰਮ੍ਰਿਤਪਾਲ ਮਾਨ, ਸਰਬਜੀਤ ਭਾਵੜਾ, ਗੁਰਬਿੰਦਰ ਖਹਿਰਾ, ਗੁਰਵਿੰਦਰ ਖੋਸਾ, ਗੁਰਮੀਤ ਸਿੰਘ, ਟਵਿੰਕਲ ਦੀਪ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।