ਮੋਗਾ, 27 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਾਡੇ ਸਮਾਜ ਵਿਚ ਭ੍ਰਿਸ਼ਟਾਚਾਰ ਐਨੀ ਵੱਡੀ ਪੱਧਰ ‘ਤੇ ਫੈਲ ਚੁੱਕਿਆ ਹੈ ਕਿ ਇਹ ਕਈ ਰੂਪਾਂ ਵਿਚ ਸਾਨੂੰ ਪ੍ਰਭਾਵਿਤ ਕਰ ਰਿਹਾ ਹੈ। ਜ਼ਰੂਰੀ ਨਹੀਂ ਕਿ ਕੋਈ ਨਾਜਾਇਜ਼ ਕੰਮ ਕਰਵਾਉਣ ਬਦਲੇ ਦਿੱਤੀ ਗਈ ਰਾਸ਼ੀ ਭ੍ਰਿਸ਼ਟਾਚਾਰ ਹੈ ਬਲਕਿ ਆਪਣੀ ਡਿਊਟੀ ਪ੍ਰਤੀ ਕੁਤਾਹੀ ਜਾਂ ਗ਼ੈਰ ਜ਼ਿੰਮੇਵਾਰੀ ਵੀ ਭ੍ਰਿਸ਼ਟਾਚਾਰ ਹੈ। ਅੱਜ ਪੰਜਾਬ ਵਿਚ ਨਸ਼ਿਆਂ ਸਮੇਤ ਹਰ ਸਮੱਸਿਆ ਦਾ ਮੂਲ ਕਾਰਨ ਭ੍ਰਿਸ਼ਟਾਚਾਰ ਹੀ ਹੈ, ਜਿਸ ਨੂੰ ਖ਼ਤਮ ਕਰਨ ਲਈ ਇਮਾਨਦਾਰ ਅਤੇ ਸੁਹਿਰਦ ਲੋਕਾਂ ਦਾ ਇਕ ਮੰਚ ‘ਤੇ ਇਕੱਤਰ ਹੋਣਾ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅੱਜ ਹੋਟਲ ਬਿਗ ਬੈਨ ਮੋਗਾ ਵਿਖੇ ਸਿਵਲ ਸੁਸਾਇਟੀ ਮੋਗਾ ਵਲੋਂ ਆਯੋਜਿਤ ਮਾਲਵੇ ਦੇ ਅੱਠ ਜ਼ਿਲ੍ਹਿਆਂ ਦੇ ਸਮਾਜ ਸੇਵੀਆਂ ਨਾਲ ਮੀਟਿੰਗ ਦੀ ਸਮਾਪਤੀ ਉਪਰੰਤ ਪ੍ਰੈੱਸ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਆਪਣੀ ਸਰਵਿਸ ਦੌਰਾਨ ਉਨ੍ਹਾਂ ਨੇ 70 ਦੇ ਕਰੀਬ ਨਸ਼ੇ ਦੇ ਵੱਡੇ ਸੁਦਾਗਰਾਂ ਖ਼ਿਲਾਫ਼ ਕੇਸ ਦਰਜ ਕੀਤੇ ਸਨ, ਜਿਨ੍ਹਾਂ ਵਿਚੋਂ 25 ਨੂੰ ਸਜ਼ਾ ਹੋ ਚੁੱਕੀ ਹੈ ਤੇ 45 ਕੇਸਾਂ ਦੀ ਪੈਰਵਾਈ ਹਾਲੇ ਵੀ ਉਹ ਆਪਣੇ ਖ਼ਰਚੇ ‘ਤੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਪੂਰਨ ਤੌਰ ‘ਤੇ ਖ਼ਤਮ ਕਰਨਾ ਭਾਵੇਂ ਅਸੰਭਵ ਹੈ ਪਰ ਫਿਰ ਵੀ ਜੇਕਰ ਸਰਕਾਰ ਇਮਾਨਦਾਰੀ ਨਾਲ ਕੋਸ਼ਿਸ਼ ਕਰੇ ਤਾਂ ਨਸ਼ੇ ਕਾਰਨ ਮਰਨ ਵਾਲਿਆਂ ਦੀ ਮੌਤ ਦਰ ਬਹੁਤ ਘੱਟ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਮੈਂ ਪੂਰੇ ਪੰਜਾਬ ਵਿਚ ਸਮਾਜ ਸੇਵੀ ਲੋਕਾਂ ਨਾਲ ਮੀਟਿੰਗਾਂ ਕਰ ਕੇ ਇਕ ਅਜਿਹੀ ਟੀਮ ਤਿਆਰ ਕਰਾਂਗਾ ਜੋ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਸਮੇਤ ਸਮਾਜ ਦੀ ਹਰ ਬੁਰਾਈ ਨੂੰ ਜੜ੍ਹੋਂ ਪੁੱਟਣ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰੇਗੀ ਤੇ ਸਰਕਾਰਾਂ ਨੂੰ ਵੀ ਇਮਾਨਦਾਰੀ ਨਾਲ ਕੰਮ ਕਰਨ ਲਈ ਮਜਬੂਰ ਕਰੇਗੀ। ਇਸ ਮੌਕੇ ਗੁਰਵਿੰਦਰ ਸ਼ਰਮਾ ਬਠਿੰਡਾ, ਪ੍ਰਦੀਪ ਰਾਣਾ ਫ਼ਿਰੋਜ਼ਪੁਰ, ਸੁਖਵਿੰਦਰ ਸਿੰਘ ਮਠਾੜੂ ਅੰਮ੍ਰਿਤਸਰ, ਸੁਖਦੀਪ ਸਿੰਘ ਭਾਮ ਫ਼ਰੀਦਕੋਟ, ਦਵਿੰਦਰ ਨੀਟੂ ਕੋਟਕਪੂਰਾ, ਦੀਪਕ ਗਰਗ ਮੁਕਤਸਰ, ਸੀਰਾ ਮੌੜ ਬਰਨਾਲਾ, ਗੁਰਪ੍ਰੀਤ ਸਿੰਘ ਪਲਾਹਾ ਲੁਧਿਆਣਾ, ਕੇ.ਐਸ. ਮਾਨ, ਜੱਸ ਢਿੱਲੋਂ, ਐਡਵੋਕੇਟ ਰਵਿੰਦਰ ਕੌਰ, ਐਡਵੋਕੇਟ ਰਾਜੇਸ਼ ਸ਼ਰਮਾ, ਜਸਵਿੰਦਰ ਸਿੰਘ ਸਰਾਵਾਂ, ਸੋਨੀਆ ਅਨੇਜਾ ਮੋਗਾ ਨੇ ਜ਼ਮੀਨੀ ਪੱਧਰ ਦੀਆਂ ਹਕੀਕਤਾਂ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਨਸ਼ੇ ਪੰਜਾਬ ਦੀ ਜਵਾਨੀ ਨੂੰ ਦੀਮਕ ਵਾਂਗ ਖਾ ਰਹੇ ਹਨ ਤੇ ਭ੍ਰਿਸ਼ਟਾਚਾਰ ਇਸ ਕਦਰ ਵੱਧ ਚੁੱਕਾ ਹੈ ਕਿ ਜੇਕਰ ਕਿਸੇ ਦਾ ਮੁਫ਼ਤ ਵਿਚ ਕੰਮ ਹੋ ਜਾਂਦਾ ਹੈ ਤਾਂ ਲੋਕ ਕੰਮ ਦੀ ਗੁਣਵੱਤਾ ‘ਤੇ ਸ਼ੱਕ ਕਰਨ ਲੱਗ ਜਾਂਦੇ ਹਨ। ਉਨ੍ਹਾਂ ਨਿਰੰਜਨ ਸਿੰਘ ਨੂੰ ਉਨ੍ਹਾਂ ਦੇ ਮਿਸ਼ਨ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਅਸੀਂ ਇਕੱਲੇ ਇਕੱਲੇ ਲੜ ਰਹੇ ਹਾਂ, ਇਸੇ ਕਾਰਨ ਭ੍ਰਿਸ਼ਟ ਅਧਿਕਾਰੀ ਸਾਨੂੰ ਨਾਜਾਇਜ਼ ਪਰਚਿਆਂ ਜਾਂ ਹੋਰ ਡਰਾਵੇ ਦੇ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਅਸੀਂ ਇਕੱਠੇ ਹੋ ਕੇ ਯਤਨ ਕਰੀਏ ਤਾਂ ਨਤੀਜੇ ਬਹੁਤ ਵਧੀਆ ਹੋਣਗੇ। ਇਸ ਮੌਕੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਸ.ਐਸ. ਸਿੱਧੂ ਨੇ ਨਿਰੰਜਨ ਸਿੰਘ ਤਾਰੀਫ਼ ਕਰਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਉਨ੍ਹਾਂ ਵਰਗੀ ਇਮਾਨਦਾਰ ਅਗਵਾਈ ਦੀ ਲੋੜ ਹੈ। ਉਨ੍ਹਾਂ ਬਾਰ ਐਸੋਸੀਏਸ਼ਨ ਵਲੋਂ ਨਾਜਾਇਜ਼ ਪਰਚਿਆਂ ਦੀ ਮਾਰ ਝੱਲ ਰਹੇ ਸਿਵਲ ਸੁਸਾਇਟੀ ਮੈਂਬਰਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਲਈ ਪੰਜ ਵਕੀਲਾਂ ਦੇ ਪੈਨਲ ਦਾ ਵੀ ਐਲਾਨ ਕੀਤਾ। ਮੀਟਿੰਗ ਦੀ ਸਮਾਪਤੀ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰ ਡਾ. ਕੁਲਦੀਪ ਸਿੰਘ ਗਿੱਲ ਨੇ ਮੋਗਾ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਮਾਜ ਸੇਵੀਆਂ ਦਾ ਉਚੇਚਾ ਧੰਨਵਾਦ ਵੀ ਕੀਤਾ ਅਤੇ ਦੱਸਿਆ ਕਿ ਅਗਲੇ ਦਿਨਾਂ ਵਿਚ ਅੰਮ੍ਰਿਤਸਰ, ਬਠਿੰਡਾ ਅਤੇ ਫ਼ਰੀਦਕੋਟ ਵਿਚ ਵੀ ਅਜਿਹੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਉਕਤ ਤੋਂ ਇਲਾਵਾ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਦਫ਼ਤਰ ਸਕੱਤਰ ਵੀ.ਪੀ. ਸੇਠੀ, ਸ਼ਿਵਸ਼ਰਨ ਸਿੰਘ, ਜਸਵਿੰਦਰ ਸਿੰਘ ਸੋਢੀ, ਸੀ.ਏ. ਰਾਜ ਕੁਮਾਰ, ਹਰਭਜਨ ਸਿੰਘ ਬਹੋਨਾ, ਕੰਵਲਜੀਤ ਸਿੰਘ ਮਹੇਸ਼ਰੀ, ਹਰਨੇਕ ਸਿੰਘ ਰੋਡੇ, ਚਮਕੌਰ ਚੰਦ ਕੌਰੀ, ਅਮਰਦੀਪ ਅਨੇਜਾ, ਅਕਬਰ ਚੜਿੱਕ, ਗਿਆਨ ਸਿੰਘ, ਮਨੋਜ ਸ਼ਰਮਾ ਅਤੇ ਪ੍ਰਗਟ ਸਿੰਘ ਬਹੋਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਵਲ ਸੁਸਾਇਟੀ ਮੈਂਬਰ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।