ਪਿੰਡ ਵਾਸੀਆਂ ਨੇ ਖ਼ੁਦ ਨਹਿਰਾਂ ’ਤੇ ਪੁਲਾਂ ਦੀਆਂ ਢਲਾਣਾਂ ਨੂੰ ਠੀਕ ਕਰਨ ਦੀ ਬੀੜਾ ਚੁੱਕਿਆ
ਗਿੱਦੜਬਾਹਾ, 10 ਅਕਤੂੂਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਕੋਲੋਂ ਲੰਘਦੀਆਂ ਜੁੜਵੀਆਂ ਨਹਿਰਾਂ ਦੇ ਪੁਲਾਂ ਦੀਆਂ ਢਲਾਨਾਂ ਦੇ ਨਿਰਮਾਣ ਦੇ ਅਧੂਰੇ ਪਏ ਕਾਰਜ ਨੂੰ ਪਿੰਡ ਗੁਰੂਸਰ ਦੀ ਨਸ਼ਾ ਰੋਕੂ ਕਮੇਟੀ ਵਲੋਂ ਠੀਕ ਕਰਨ ਦਾ ਚੁੱਕਿਆ ਗਿਆ ਬੀੜਾ ਪ੍ਰਸ਼ਾਸਨ ਦੇ ਮੂੰਹ ’ਤੇ ਚਪੇੜ ਸਾਬਤ ਹੋ ਰਿਹਾ ਹੈ। ਉਕਤ ਜਗ੍ਹਾ ’ਤੇ ਰੋਜ਼ਾਨਾ ਅਨੇਕਾਂ ਹੀ ਹਾਦਸੇ ਵਾਪਰ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਗਿੱਦੜਬਾਹਾ, 10 ਅਕਤੂੂਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਕੋਲੋਂ ਲੰਘਦੀਆਂ ਜੁੜਵੀਆਂ ਨਹਿਰਾਂ ਦੇ ਪੁਲਾਂ ਦੀਆਂ ਢਲਾਨਾਂ ਦੇ ਨਿਰਮਾਣ ਦੇ ਅਧੂਰੇ ਪਏ ਕਾਰਜ ਨੂੰ ਪਿੰਡ ਗੁਰੂਸਰ ਦੀ ਨਸ਼ਾ ਰੋਕੂ ਕਮੇਟੀ ਵਲੋਂ ਠੀਕ ਕਰਨ ਦਾ ਚੁੱਕਿਆ ਗਿਆ ਬੀੜਾ ਪ੍ਰਸ਼ਾਸਨ ਦੇ ਮੂੰਹ ’ਤੇ ਚਪੇੜ ਸਾਬਤ ਹੋ ਰਿਹਾ ਹੈ। ਉਕਤ ਜਗ੍ਹਾ ’ਤੇ ਰੋਜ਼ਾਨਾ ਅਨੇਕਾਂ ਹੀ ਹਾਦਸੇ ਵਾਪਰ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿੰਡ ਗੁਰੂਸਰ ਕੋਲੋਂ ਰਾਜਸਥਾਨ ਨਹਿਰ ਤੇ ਸਰਹਿੰਦ ਨਹਿਰ ਲੰਘਦੀ ਹੈ। ਉਕਤ ਨਹਿਰਾਂ ’ਤੇ ਪੁਲਾਂ ਦਾ ਤਿੰਨ ਕੁ ਮਹੀਨੇ ਪਹਿਲਾਂ ਨਿਰਮਾਣ ਹੋਇਆ ਸੀ। ਨਹਿਰਾਂ ਉਪਰ ਆਉਣ-ਜਾਣ ਦੇ ਦੋ ਅਲੱਗ-ਅਲੱਗ ਪੁਲ ਬਣੇ ਹਨ। ਪੁਰਾਣੇ ਪੁਲਾਂ ਤੋਂ ਨਵੇਂ ਬਣਾਏ ਗਏ ਪੁਲ ਤਿੰਨ ਤੋਂ ਚਾਰ ਫੁੱਟ ਉਚਾਈ ਨਾਲ ਬਣਾਏ ਗਏ ਹਨ। ਇਕ ਪੁਲ ਦਾ ਸੜਕੀ ਰਸਤਾ ਤਾਂ ਪਹਿਲਾਂ ਵਾਲੇ ਸੜਕੀ ਰਸਤੇ ਦੇ ਸਾਹਮਣੇ ਹੋਣ ਕਰਕੇ ਚਾਲੂ ਕੀਤਾ ਗਿਆ ਹੈ, ਪ੍ਰੰਤੂ ਦੂਜੇ ਪੁਲ ਦੀ ਢਲਾਨ ਦੇ ਸਾਹਮਣੇ ਅਜੇ ਦੋਵੇਂ ਪਾਸੇ ਮਿੱਟੀ ਦੀ ਭਰਤੀ ਪਾ ਕੇ ਉਚਾ ਨਹੀਂ ਕੀਤਾ ਗਿਆ। ਨਹਿਰਾਂ ਦੇ ਦੋਵੇਂ ਪਾਸੇ ਪੁਲ ਦੀ ਢਲਾਨ ’ਤੇ ਪਾਈ ਗਈ ਮਿੱਟੀ ਵਿਚ ਡੂੰਘੇ ਖੱਡੇ ਬਣੇ ਹੋਏ ਹਨ। ਇਥੇ ਹੀ ਬੱਸ ਨਹੀਂ, ਪੁਲਾਂ ਦੀਆਂ ਢਲਾਨਾਂ ਨੂੰ ਪੱਕੇ ਸੜਕੀ ਰਸਤੇ ਦਾ ਵੀ ਅਜੇ ਨਿਰਮਾਣ ਨਹੀਂ ਕੀਤਾ ਗਿਆ ਅਤੇ ਮਿੱਟੀ ਦੀ ਉਡਦੀ ਧੂੜ ਆਮ ਰਾਹਗੀਰਾਂ ਲਈ ਮੁਸੀਬਤ ਬਣੀ ਹੋਈ ਹੈ। ਪਿੰਡ ਗੁਰੂਸਰ ਦੇ ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਾਂ ਦੀਆਂ ਢਲਾਨਾਂ ਦਾ ਕਾਰਜ ਪੂਰਾ ਨਾ ਕਰਨ ਕਰਕੇ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਆਖ਼ਰ ਉਨ੍ਹਾਂ ਵਲੋਂ ਮਿੱਟੀ ਨੂੰ ਪੱਧਰਾ ਕਰਕੇ ਡੂੰਘੇ ਖੱਡੇ ਭਰੇ ਜਾ ਰਹੇ ਹਨ ਅਤੇ ਉਡਦੀ ਧੂੜ ਨੂੰ ਠੀਕ ਕਰਨ ਲਈ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਉਕਤ ਰਸਤੇ ਨੂੰ ਜਲਦੀ ਹੀ ਪੂਰਾ ਕਰਕੇ ਸੜਕੀ ਰਸਤਾ ਪੱਕਾ ਕੀਤਾ ਜਾਵੇ। ਇਸ ਮੌਕੇ ਜਸਵੀਰ ਸਿੰਘ ਝੋਰੜ, ਅਮਨਦੀਪ ਸਿੰਘ, ਬੱਬੂ ਸਿੰਘ, ਬੇਅੰਤ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ, ਕਰਨ ਸਿੰਘ, ਕੁਲਵਿੰਦਰ ਸਿੰਘ, ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।