ਮੂਨਕ, 22 ਫਰਵਰੀ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਪਿੰਡ ਦੇਹਲਾ ਦੇ ਗੁਰਦੁਆਰਾ ਸਾਹਿਬ ਵਿਖੇ ਲੋਕਲ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨਾਲ ਮੀਟਿੰਗ ਹੋਈ | ਜਿਸ ਵਿਚ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਬਾਰੇ ਵਿਚਾਰਾਂ ਹੋਈਆਂ | ਪਹੁੰਚਿਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਬਹਿਣੀਵਾਲ ਨੇ ਕਿਹਾ ਕਿ ਦਸਤਾਰ ਸਿਰਫ਼ ਸਿੱਖ ਦੀ ਪਹਿਚਾਣ ਹੀ ਨਹੀਂ ਸਗੋਂ ਸ਼ਹਾਦਤ, ਸਵੈਮਾਨ ਅਤੇ ਧਰਮ ਨਾਲ ਅਟੁੱਟ ਨਿਸ਼ਠਾ ਦਾ ਪ੍ਰਤੀਕ ਹੈ | ਇਸ ਚੇਤਨਾ ਮਾਰਚ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰੂਆਂ ਦੀ ਵਿਰਾਸਤ ਨਾਲ ਜੋੜਨਾ ਅਤੇ ਸਿੱਖੀ ਮੁੱਲਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਨੌਜਵਾਨਾਂ ਵਿਚ ਆਤਮ ਵਿਸ਼ਵਾਸ ਅਤੇ ਸਿੱਖੀ ਪ੍ਰਤੀ ਗੌਰਵ ਦੀ ਭਾਵਨਾ ਹੋਰ ਮਜ਼ਬੂਤ ਹੋ ਸਕੇ | ਉਨ੍ਹਾਂ ਨੇ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇਸ ਚੇਤਨਾ ਮਾਰਚ ਵਿਚ ਸ਼ਾਮਿਲ ਕਰਵਾ ਕੇ ਉਨ੍ਹਾਂ ਨੂੰ ਸਿੱਖੀ ਨਾਲ ਜੋੜਨ ਅਤੇ ਗੁਰੂਆਂ ਦੀ ਮਹਾਨ ਵਿਰਾਸਤ ਨੂੰ ਅੱਗੇ ਵਧਾਉਣ ਵਿਚ ਆਪਣਾ ਯੋਗਦਾਨ ਪਾਇਆ ਜਾਵੇ | ਦਸਤਾਰ ਚੇਤਨਾ 8 ਮਾਰਚ ਨੂੰ ਸਵੇਰੇ 8 ਵਜੇ ਗੁਰਦੁਆਰਾ ਜਨਮ ਅਸਥਾਨ ਪਿੰਡ ਦੇਹਲਾ ਸ਼ੀਹਾਂ ਤੋਂ ਅਰੰਭ ਹੋਕੇ ਭੁਟਾਲ ਖੁਰਦ, ਢੀਂਡਸਾ, ਜਲੂਰ, ਰਾਏਧਰਾਣਾ, ਬਾਦਲਗੜ, ਬੰਗਾਂ, ਨਵਾਂ ਗਾਓਾ, ਅਨਦਾਨਾ, ਸ਼ਾਹਪੁਰ ਥੇੜੀ, ਚਾਦੂ, ਮੰਡਵੀ ਮਕੌਰੜ ਸਾਹਿਬ ਫੂਲਦ, ਘਮੂਰਘਾਟ, ਗਨੋਟਾ, ਰਾਮਪੁਰਾ, ਗੁਰਦੁਆਰਾ ਨੱਕਾ ਸਾਹਿਬ, ਮੂਨਕ, ਬੱਲਰਾਂ ਤੋਂ ਗੋਬਿੰਦਪੁਰਾ ਪਾਪੜਾ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਦੇਹਲਾ ਸ਼ੀਹਾਂ ਵਿਖੇ ਅਰਦਾਸ ਉਪਰੰਤ ਸਮਾਪਤ ਹੋਵੇਗਾ | ਮੀਟਿੰਗ ਦੌਰਾਨ ਨੌਜਵਾਨਾਂ ਦੀਆਂ ਡਿਊਟੀਆਂ ਲਗਾਉਂਦੇ ਹੋਏ ਕਿਹਾ ਕਿ ਇਸ ਦਸਤਾਰ ਚੇਤਨਾ ਮਾਰਚ ਵਿਚ ਨੌਜਵਾਨ ਕੇਸਰੀ, ਨੀਲੀਆਂ ਦਸਤਾਰਾਂ ਸਜਾ ਕੇ ਮੋਟਰ ਸਾਈਕਲਾਂ ਅਤੇ ਗੱਡੀਆਂ ਉੱਤੇ ਸਵਾਰ ਹੋ ਕੇ ਸ਼ਾਮਿਲ ਹੋਣਗੇ | ਉਨ੍ਹਾਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਦਸਤਾਰ ਚੇਤਨਾ ਮਾਰਚ ਦੇ ਸਵਾਗਤ ਲਈ ਹੰੁਮ੍ਹ ਹੁਮਾ ਕੇ ਪਹੁੰਚਣ | ਇਸ ਮੌਕੇ ਉਨ੍ਹਾਂ ਨਾਲ ਛੱਜੂ ਸਿੰਘ ਧਾਲੀਵਾਲ, ਗਿਆਨੀ ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ, ਹਰਪਾਲ ਸਿੰਘ ਖ਼ਜ਼ਾਨਚੀ, ਸੁਖਜਿੰਦਰ ਸਿੰਘ ਸਾਬਕਾ ਪ੍ਰਧਾਨ, ਬਾਬਾ ਸੰਤੋਖ ਸਿੰਘ, ਜਸਵੰਤ ਸਿੰਘ ਪੰਚਾਇਤ ਮੈਂਬਰ, ਗੋਰਾ ਸਿੰਘ ਸਾਬਕਾ ਸਰਪੰਚ, ਕਾਬਲ ਸਿੰਘ, ਗੁਰਮੇਲ ਸਿੰਘ ਤੋਂ ਇਲਾਵਾ ਸਮੂਹ ਸੇਵਾਦਾਰ ਮੌਜੂਦ ਸਨ |