ਸੁਨਾਮ ਊਧਮ ਸਿੰਘ ਵਾਲਾ, 24 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰੇ ਬਖਤੌਰ ਨਗਰ ਦੇ ਇਕ ਬਜ਼ੁਰਗ ਦੀ ਬੱਸ 'ਚੋਂ ਡਿੱਗ ਕੇ ਹੇਠ ਆਉਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕ ਦੇ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਕੁ ਅੱਠ ਵਜੇ ਉਸ ਦੇ ਪਿਤਾ ਸਰਵਣ ਸਿੰਘ (70) ਪੁੱਤਰ ਤੁਲਸਾ ਸਿੰਘ ਸੰਗਰੂਰ ਦਵਾਈ ਲੈਣ ਜਾਣ ਲਈ ਸੁਨਾਮ-ਜਖੇਪਲ ਸੜਕ ਤੋਂ ਸਾਬਕਾ ਸਰਪੰਚ ਕੇਸਰ ਸਿੰਘ ਦੇ ਕੋਠਿਆਂ ਨੇੜਿਉਂ ਇਕ ਨਿੱਜੀ ਕੰਪਨੀ ਦੀ ਬੱਸ 'ਚ ਚੜ੍ਹੇ ਸਨ ਪਰ ਬੱਸ ਵਿਚ ਸਵਾਰੀਆਂ ਜ਼ਿਆਦਾ ਹੋਣ ਕਾਰਨ ਅਗਲੀ ਬੱਸ 'ਚ ਜਾਣ ਲਈ ਜਦੋਂ ਉਹ ਸ਼ਹਿਰ ਦੇ ਸੀਤਾਸਰ ਮੰਦਿਰ ਨੇੜੇ ਉੱਤਰਨ ਲੱਗੇ ਤਾਂ ਡਿੱਗ ਪਏ ਅਤੇ ਇਸ ਦੌਰਾਨ ਬੱਸ ਦੇ ਪਿਛਲੇ ਟਾਇਰਾਂ ਹੇਠ ਆ ਗਏ | ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ |