ਭਵਾਨੀਗੜ੍ਹ, 24 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਮਾਣਾ ਵਿਖੇ ਚੱਲ ਰਹੇ ਸੰਘਰਸ਼ ਵਿਚ ਕਿਸਾਨਾਂ ਅਤੇ ਸੰਘਰਸ਼ੀ ਆਗੂਆਂ ਨੂੰ ਰੋਕਣ ਲਈ ਭਵਾਨੀਗੜ੍ਹ-ਸਮਾਣਾ ਦੀ ਹੱਦ 'ਤੇ ਪੈਂਦੇ ਪਿੰਡ ਥੰਮ੍ਹਣ ਸਿੰਘ ਵਾਲਾ ਦੇ ਨਹਿਰ ਦੇ ਪੁਲ ਨੇੜੇ ਪੁਲਿਸ ਵਲੋਂ ਸਖ਼ਤ ਨਾਕਾਬੰਦੀ ਕਰਕੇ ਸੰਘਰਸ਼ 'ਚ ਜਾਂਦੇ ਭਾਨਾ ਸਿੱਧੂ ਸਮੇਤ ਕਰੀਬ ਸਵਾ 4 ਦਰਜਨ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਵੱਖ-ਵੱਖ ਥਾਣਿਆਂ 'ਚ ਭੇਜਿਆ ਗਿਆ | ਇਸ ਸਬੰਧੀ ਐਸ.ਐੱਚ.ਓ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਭਾਨਾ ਸਿੱਧੂ ਸਮੇਤ ਕਰੀਬ 50 ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਵੱਖ-ਵੱਖ ਥਾਣਿਆਂ ਵਿਚ ਭੇਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ 'ਤੋਂ ਕਿਸੇ ਵੀ ਆਗੂ ਵ ਸਮਾਣਾ ਨਹੀਂ ਜਾਣ ਦਿੱਤਾ ਜਾਵੇਗਾ | ਜਾਣਕਾਰੀ ਅਨੁਸਾਰ ਸਮਾਣਾ ਵਿਖੇ ਗੁਰਜੀਤ ਸਿੰਘ ਫ਼ੌਜੀ ਵੱਲੋਂ ਪਿਛਲੇ 17 ਮਹੀਨਿਆਂ ਤੋਂ ਬੇਅਦਬੀਆਂ ਲਈ ਇਨਸਾਫ਼ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਇੱਕ ਟਾਵਰ ਉੱਪਰ ਧਰਮ ਯੁੱਧ ਮੋਰਚਾ ਲਗਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ | ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਇੱਥੇ 'ਧਰਮ ਯੁੱਧ ਮੋਰਚਾ' ਸ਼ੁਰੂ ਕਰਨਾ ਸੀ | ਇਸ ਸਬੰਧੀ ਡੀ.ਐਸ. ਪੀ ਰਾਹੁਲ ਕੌਸ਼ਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਕੱਟ ਦਿੱਤਾ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਥੰਮ੍ਹਣ ਸਿੰਘ ਵਾਲਾ ਵਿਖੇ ਲਗਾਏ ਨਾਕੇ ਦੌਰਾਨ ਭਾਨਾ ਸਿੱਧੂ ਸਮੇਤ ਹਰਚਰਨ ਸਿੰਘ ਭਸੌੜ ਆਗੂ ਮਾਨ ਦਲ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਨਾਭਾ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ, ਭੋਲਾ ਸਿੰਘ ਕਿਸਾਨ ਆਗੂ ਠੀਕਰੀਵਾਲਾ, ਕਾਕਾ ਸਿੰਘ ਸਿੱਧੂ ਸਮੇਤ 50 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ | ਇਹ ਵੀ ਪਤਾ ਲੱਗਿਆ ਹੈ, ਕਿ ਭਾਨੇ ਸਿੱਧੂ ਸਮੇਤ ਹੋਰ ਆਗੂਆਂ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸਬਾਜ਼ੀ ਵੀ ਹੋਈ | ਪੁਲਿਸ ਨੇ ਗਿ੍ਫ਼ਤਾਰ ਕੀਤੇ ਆਗੂਆਂ ਨੂੰ ਧੂਰੀ, ਸੰਗਰੂਰ ਸਮੇਤ ਹੋਰ ਥਾਣਿਆਂ ਵਿਚ ਭੇਜਣ ਬਾਰੇ ਵੀ ਪਤਾ ਲੱਗਿਆ |