ਮਲੇਰਕੋਟਲਾ, 24 ਫ਼ਰਵਰੀ (ਮਨਜਿੰਦਰ ਸਿੰਘ ਸਰੌਦ) - ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਅੰਦਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੇ ਲਈ ਤੇਜ਼ੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ | ਹਲਕੇ ਦੇ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਵਲੋਂ ਇਲਾਕੇ ਦੇ ਲੰਬੇ ਸਮੇਂ ਤੋਂ ਲਟਕੇ ਪਏ ਕੰਮਾਂ ਨੂੰ ਤਰਜ਼ੀਹ ਦਿੰਦੇ ਹੋਏ ਪੂਰੀ ਤਨਦੇਹੀ ਦੇ ਨਾਲ ਬਿਉਤਬੰਦੀ ਬਣਾ ਕੇ ਅਗਲੀ ਰੂਪਰੇਖਾ ਉਲੀਕੀ ਜਾ ਰਹੀ ਹੈ | ਪਿੰਡਾਂ ਤੇ ਸ਼ਹਿਰ ਦੇ ਵਾਸੀਆਂ ਦੀ ਕਾਫ਼ੀ ਸਮੇਂ ਤੋਂ ਮੰਗ ਸੀ ਕਿ ਟੁੱਟੀਆਂ ਤੇ ਖ਼ਸਤਾ ਹਾਲਤ ਵਾਲੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਆਉਣ-ਜਾਣ ਵਿਚ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ | ਜਿਸ ਦੇ ਚੱਲਦਿਆਂ ਵੱਖ-ਵੱਖ ਸੜਕਾਂ ਦੀ ਮੁਰੰਮਤ ਦੇ ਲਈ ਕੰਮ ਸ਼ੁਰੂ ਕੀਤੇ ਗਏ ਹਨ | ਇਸੇ ਕੜੀ ਦੇ ਤਹਿਤ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਨੇ ਜਰਗ ਚੌਕ ਵਿਖੇ ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ, ਜਿਸ ਨੂੰ ਅਗਲੇ ਦਿਨਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ | ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਰਾਏਕੋਟ ਰੋਡ ਤੇ ਰਾਜੇ ਦੇ ਬਾਗ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ ਸੀ ਤੇ ਹੋਰ ਵੱਡੀ ਗਿਣਤੀ ਵਿਚ ਸੜਕਾਂ ਦੇ ਕੰਮ ਵੀ ਸ਼ੁਰੂ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਜਰਗ ਚੌਕ ਵਾਲੀਆਂ ਦੋਵੇਂ ਪਾਸਿਆਂ ਦੀਆਂ ਸੜਕਾਂ 'ਤੇ ਓਵਰਬਿ੍ਜ ਉਪਰਲੀ ਸੜਕ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਸੀ | ਇਸ ਲਈ 1 ਕਰੋੜ 75 ਹਜ਼ਾਰ ਰੁਪਏ ਮਨਜ਼ੂਰ ਕਰਵਾ ਕੇ ਇਨ੍ਹਾਂ ਸੜਕਾਂ 'ਤੇ ਪ੍ਰੀਮਿਕਸ ਦੀ ਮਜ਼ਬੂਤ ਤਹਿ ਪਾਈ ਜਾਵੇਗੀ | ਇਸ ਨਾਲ ਇਲਾਕੇ ਦੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ | ਹਲਕਾ ਵਿਧਾਇਕ ਨੇ ਕਿਹਾ ਕਿ ਸ਼ਹਿਰ ਦੀਆਂ ਹੋਰ ਵੀ ਕਈ ਸੜਕਾਂ ਦੇ ਟੈਂਡਰ ਜਾਰੀ ਹੋ ਚੁੱਕੇ ਹਨ ,ਇਹ ਕੰਮ ਵੀ ਜਲਦ ਹੀ ਮੁਕੰਮਲ ਕਰ ਦਿੱਤੇ ਜਾਣਗੇ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਹੰਦੀ ਗੇਟ ਤੋਂ ਪਿਪਲੀ ਵਾਲੇ ਚੌਕ ਤੱਕ ਜਾਣ ਵਾਲੀ ਸੜਕ ਨੂੰ ਈਦ ਤੋਂ ਤੁਰੰਤ ਬਾਅਦ ਬਣਾਇਆ ਜਾਵੇਗਾ | ਇਸ ਮੌਕੇ ਐਕਸੀਅਨ ਬੀਬਾ ਪ੍ਰਨੀਤ ਕੌਰ, ਪੀ.ਏ. ਸਰਪੰਚ ਗੁਰਮੁੱਖ ਸਿੰਘ ਖ਼ਾਨਪੁਰ, ਜੇ.ਈ. ਬਲਪ੍ਰੀਤ ਸਿੰਘ, ਚੇਅਰਮੈਨ ਜਾਫਰ ਅਲੀ, ਅਬਦੁਲ ਲਤੀਫ ਪੱਪੂ, ਨਗਰ ਕੌਂਸਲ ਪ੍ਰਧਾਨ ਨਸਰੀਨ ਅਸਰਫ਼ ਦੇ ਪਤੀ ਅਸਰਫ਼ ਅਬਦੁੱਲਾ, ਸ਼ਕੂਰ ਕਿਲਾ, ਅਬਦੁੱਲ ਹਲੀਮ ਮਿਲਕੋਵੈੱਲ, ਯਾਸਰ ਅਰਫਾਤ, ਯਾਸੀਨ ਨੇਸਤੀ ਕਿਲਾ, ਹਬੀਬ ਐਮ.ਸੀ. ਐਮ.ਸੀ., ਚੌਧਰੀ ਬਸੀਰ, ਬਲਾਕ ਪ੍ਰਧਾਨ ਅਸਲਮ ਭੱਟੀ, ਇਮਤਿਆਜ਼ ਬਾਬੂ, ਇਕਬਾਲ ਫੌਜੀ, ਅਸਲਮ ਬਚੀ, ਨਿਜਾਮਦੀਨ ਬਬਲੀ, ਦਾਊਦ ਅਲੀ,ਅਜ਼ਹਰ ਮੁਨੀਮ, ਤਾਜ ਮੁਹੰਮਦ ਐਮ.ਸੀ., ਮੈਡਮ ਪ੍ਰਵੀਨ ਸਣੇ ਸੀਨੀਅਰ ਆਗੂ ਹਾਜ਼ਰ ਸਨ |