ਛਾਜਲੀ, 11 ਮਾਰਚ (ਅਜਾਇਬ ਸਿੰਘ ਨੀਲੋਵਾਲ) - ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਅÏਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਹੈ, ਪਰ ਦੂਜੇ ਪਾਸੇ ਬੱਸਾਂ ਦੇ ਕਰਮਚਾਰੀਆਂ ਦੀ ਲਾਪਰਵਾਹੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ | ਅਜਿਹਾ ਹੀ ਇੱਕ ਮਾਮਲਾ ਬਲਾਕ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਿੱਚ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਰੋਡਵੇਜ਼ ਦੀ ਬੱਸ ਦੇ ਕੰਡਕਟਰ ਵੱਲੋਂ ਬੱਸ ਨਾ ਰੋਕਣ ਕਾਰਨ ਇੱਕ ਲੜਕੀ ਚੱਲਦੀ ਬੱਸ ਤੋਂ ਉੱਤਰਦਿਆਂ ਜ਼ਖਮੀ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕੋਮਲ ਨਾਮ ਦੀ ਲੜਕੀ ਦੇ ਪਿਤਾ ਗੋਪਾਲ ਦਾਸ ਵਾਸੀ ਗੋਬਿੰਦਗੜ੍ਹ ਜੇਜੀਆਂ ਨੇ ਦੱਸਿਆ ਕਿ ਉਸ ਦੀ ਬੇਟੀ ਸੁਨਾਮ ਤੋਂ ਦੁਪਹਿਰ ਕਰੀਬ 1 ਵਜੇ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਸਵਾਰ ਹੋਈ ਸੀ ਅਤੇ ਕਰੀਬ 1:45 ਵਜੇ ਪਿੰਡ ਗੋਬਿੰਦਗੜ੍ਹ ਜੇਜੀਆਂ ਪਹੁੰਚੀ | ਪਿੰਡ ਵਿੱਚ ਦੋ ਬੱਸ ਅੱਡੇ ਹੋਣ ਦੇ ਬਾਵਜੂਦ ਕੰਡਕਟਰ ਵੱਲੋਂ ਕਿਸੇ ਵੀ ਅੱਡੇ 'ਤੇ ਬੱਸ ਨਹੀਂ ਰੋਕੀ ਗਈ | ਜਦੋਂ ਬੱਸ ਅੱਡੇ ਦੇ ਮੋੜ 'ਤੇ ਬੱਸ ਕੁਝ ਹੌਲੀ ਹੋਈ ਤਾਂ ਲੜਕੀ ਉੱਤਰਨ ਦੀ ਕੋਸ਼ਿਸ਼ ਕਰਦੀ ਹੋਈ ਬੱਸ ਤੋਂ ਡਿਗ ਗਈ, ਜਿਸ ਨਾਲ ਉਹ ਜ਼ਖਮੀ ਹੋ ਗਈ | ਲੜਕੀ ਦੇ ਜ਼ਖਮੀ ਹੋਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਿੱਚ ਰੋਸ ਫੈਲ ਗਿਆ | ਗ਼ੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਗੋਬਿੰਦਗੜ੍ਹ ਜੇਜੀਆਂ-ਨੰਗਲਾ ਰੋਡ 'ਤੇ ਧਰਨਾ ਲਾ ਦਿੱਤਾ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ ਅਤੇ ਰਾਹਗੀਰਾਂ ਨੂੰ ਆਪਣਾ ਰਸਤਾ ਬਦਲ ਕੇ ਮੰਜ਼ਿਲ ਵੱਲ ਜਾਣਾ ਪਿਆ | ਇਸ ਦੌਰਾਨ ਪਿੰਡ ਵਾਸੀਆਂ ਨੇ ਤਿੰਨ ਰੋਡਵੇਜ਼ ਬੱਸਾਂ ਨੂੰ ਵੀ ਸੜਕ 'ਤੇ ਘੇਰ ਕੇ ਰੱਖਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਜ਼ਖਮੀ ਲੜਕੀ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਜੇ ਲੜਕੀ ਨਾਲ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲੈਂਦਾ | ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਥਾਣਾ ਛਾਜਲੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਵਾਈ | ਆਿਖ਼ਰਕਾਰ ਰੋਡਵੇਜ਼ ਦੇ ਬੱਸ ਮੁਲਾਜ਼ਮਾਂ ਨੇ ਮਾਫ਼ੀ ਮੰਗੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਖ਼ਤਮ ਕਰ ਦਿੱਤਾ | ਇਸ ਮੌਕੇ ਪਿੰਡ ਦੀ ਸਰਪੰਚ ਤੇਜ਼ ਕੌਰ ਦੇ ਬੇਟੇ ਅਵਤਾਰ ਸਿੰਘ, ਪੰਚ ਗੁਰਪ੍ਰੀਤ ਬਾਂਸਲ, ਪੰਚ ਦੀਪ ਚੰਦ ਬਾਂਸਲ, ਸਾਬਕਾ ਮੈਂਬਰ ਗੁਰਪ੍ਰੀਤ ਸਿੰਘ ਭੁੱਲਰ, ਹਨੀ ਬਾਂਸਲ, ਪੰਚ ਮਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ |