ਲੌਂਗੋਵਾਲ, 2 ਅਪ੍ਰੈਲ (ਵਿਨੋਦ ਸ਼ਰਮਾ) - ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਵਿਖੇ ਹਿਊਮੈਨਿਟੀਜ ਵਿਭਾਗ (ਪੰਜਾਬੀ) ਵੱਲੋਂ 'ਬਦਲਦੇ ਪ੍ਰਸੰਗ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਸੰਭਾਵਨਾਵਾਂ' ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਜਿਸ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਪੰਜਾਬੀ ਵਿਦਵਾਨ ਡਾ. ਹਰਮਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਪੰਜਾਬੀ ਭਾਸ਼ਾ ਦੇ ਇਤਿਹਾਸਕ ਮਹੱਤਵ ਅਤੇ ਸਭਿਆਚਾਰਕ ਪਛਾਣ ਨਾਲ ਇਸ ਦੇ ਗਹਿਰੇ ਸਬੰਧ ਬਾਰੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਸਾਡੀ ਵਿਰਾਸਤ ਅਤੇ ਅਸੀਮਤਾ ਦੀ ਧਰੋਹਰ ਹੈ | ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਦੇ ਬਦਲਦੇ ਸਰੂਪ ਬਾਰੇ ਗੱਲ ਕਰਦਿਆਂ ਉਨ੍ਹਾਂ ਡਿਜੀਟਲ ਮੀਡੀਆ ਦੇ ਪ੍ਰਭਾਵ ਨੂੰ ਉਜਾਗਰ ਕੀਤਾ | ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਤਕਨਾਲੋਜੀ ਦੇ ਵਾਧੇ ਨਾਲ ਭਾਸ਼ਾ ਦੇ ਲਹਿਜ਼ੇ ਅਤੇ ਲਿਪੀ ਵਿੱਚ ਬਦਲਾਅ ਆ ਰਹੇ ਹਨ | ਅੰਗਰੇਜ਼ੀ ਦੇ ਵਧਦੇ ਪ੍ਰਭਾਵ ਕਾਰਨ ਘਟ ਰਹੀ ਪੰਜਾਬੀ ਦੀ ਵਰਤੋਂ ਚਿੰਤਾ ਦਾ ਵਿਸ਼ਾ ਹੈ | ਇਸ ਦੌਰਾਨ ਲਿਪੀ ਦੀ ਅਣਗਹਿਲੀ, ਮਿਸ਼ਰਤ ਭਾਸ਼ਾ ਦੀ ਵਰਤੋਂ ਅਤੇ ਨੌਜਵਾਨਾਂ ਵਿੱਚ ਘਟਦੀ ਦਿਲਚਸਪੀ 'ਤੇ ਵੀ ਵਿਚਾਰ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਨੂੰ ਮਾਤਭਾਸ਼ਾ ਦੀ ਮਹੱਤਤਾ ਨੂੰ ਸਮਝਣ ਅਤੇ ਇਸ ਦੀ ਰੱਖਿਆ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਅਸੀਮ ਸੰਭਾਵਨਾਵਾਂ ਹਨ ਅਤੇ ਇਹ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਉਣ ਦੇ ਸਮਰਥ ਹੈ | ਇਸ ਮੌਕੇ ਕਾਲਜ ਦੀ ਤਰਫ਼ੋਂ ਪਿ੍ੰ. ਜਸਪ੍ਰੀਤ ਸਿੰਘ ਧਾਲੀਵਾਲ ਨੇ ਡਾ. ਹਰਮਿੰਦਰ ਸਿੰਘ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮੰਚ ਸੰਚਾਲਕ ਅਸਿ. ਪ੍ਰੋ.ਪਰਮਜੀਤ ਸਿੰਘ, ਡਾ. ਨੀਨਾ ਬਰਾੜ ਤੋਂ ਇਲਾਵਾ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ |