ਕੁੱਪ ਕਲਾਂ, 3 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਨੇ ਪੰਜਾਬ ਸਰਕਾਰ ਵੱਲੋਂ ਵਿੱਢੀ ਭਿ੍ਸ਼ਟਾਚਾਰ ਰੋਕੂ ਮੁਹਿੰਮ ਤਹਿਤ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਪੀ.ਐੱਸ.ਪੀ.ਸੀ ਐਲ ਸਬ ਡਵੀਜ਼ਨ ਕੁੱਪ ਕਲਾਂ ਜ਼ਿਲ੍ਹਾ ਮਲੇਰਕੋਟਲਾ ਵਿਖੇ ਬਤੌਰ ਐੱਸ.ਡੀ.ਓ ਸੇਵਾ ਨਿਭਾ ਰਹੇ ਹਰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਭੈਣੀ ਮਹਿਰਾਜ ਬਰਨਾਲਾ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਵਸੂਲਣ ਦੇ ਦੋਸ਼ਾਂ ਤਹਿਤ ਰੰਗੇ ਹੱਥੀ ਕਾਬੂ ਕਰਦਿਆਂ ਅਗਲੀ ਕਾਰਵਾਈ ਆਰੰਭੀ ਹੈ, ਐੱਸ.ਡੀ.ਓ ਹਰਦੀਪ ਸਿੰਘ ਦੀ ਵਧੀਆ ਕਾਰਗੁਜ਼ਾਰੀ ਨਾ ਹੋਣ ਕਾਰਨ 30 ਮਾਰਚ ਨੂੰ ਕੁੱਪ ਕਲਾਂ ਤੋਂ ਪਟਿਆਲਾ ਦੀ ਬਦਲੀ ਹੋ ਚੁੱਕੀ ਸੀ ਅਤੇ ਬਦਲੀ ਦੇ ਆਰਡਰ ਹੋਣ ਉਪਰੰਤ ਇਸ ਤਰ੍ਹਾਂ ਰਿਸ਼ਵਤ ਵਸੂਲਣ ਦੀ ਘਟਨਾ ਨੇ ਇਲਾਕੇ ਅੰਦਰ ਚਰਚਾ ਵੀ ਛੇੜ ਰੱਖੀ ਹੈ | ਇਸ ਸਬੰਧੀ ਜਗਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਭੋਗੀਵਾਲ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਚੌਕਸੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਪਰਿਵਾਰ ਸਮੇਤ ਆਪਣੇ ਦੋ ਮੰਜ਼ਿਲਾਂ ਮਕਾਨ ਵਿੱਚ ਰਹਿੰਦਾ ਹੈ ਉਸ ਦਾ ਪਰਿਵਾਰ ਹੇਠਲੀ ਮੰਜ਼ਿਲ ਜਦਕਿ ਉਸ ਦੇ ਪਿਤਾ ਗੁਰਮੇਲ ਸਿੰਘ ਉੱਪਰਲੀ ਮੰਜ਼ਿਲ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਨਾਮ ਪਰ ਘਰ ਅੰਦਰ ਦੋ ਵੱਖਰੇ ਵੱਖਰੇ ਮੀਟਰ ਲੱਗੇ ਹੋਏ ਹਨ | ਐੱਸ.ਡੀ.ਓ ਹਰਦੀਪ ਸਿੰਘ ਵੱਲੋਂ ਆਪਣੀ ਟੀਮ ਸਮੇਤ ਉਨ੍ਹਾਂ ਦੇ ਘਰ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਉਨ੍ਹਾਂ ਆਖਿਆ ਕਿ ਤੁਹਾਡੇ ਘਰ ਜੋ ਮੀਟਰ ਲੱਗੇ ਹੋਏ ਹਨ ਉਹ ਅਣਅਧਿਕਾਰਤ ਹਨ ਅਤੇ ਬਾਅਦ ਵਿੱਚ ਫ਼ੋਨ ਕਰ ਕੇ ਐੱਸ.ਡੀ.ਓ ਹਰਦੀਪ ਸਿੰਘ ਨੇ ਮੁੱਦਈ ਨੂੰ ਆਖਿਆ ਕਿ ਤੁਹਾਡੇ ਘਰ ਲੱਗੇ ਮੀਟਰਾਂ ਸਬੰਧੀ ਸਾਨੂੰ ਸ਼ਿਕਾਇਤ ਆਈ ਹੈ, ਜੇਕਰ ਘਰ ਅੰਦਰ ਲੱਗੇ ਮੀਟਰਾਂ ਨੂੰ ਉਹ ਚਾਲੂ ਰੱਖਣਾ ਚਾਹੁੰਦੇ ਹਨ ਤਾਂ ਉਸ ਦੇ ਇਵਜ਼ ਵਜੋਂ ਉਨ੍ਹਾਂ ਨੂੰ 10 ਹਜਾਰ ਰੁਪਏ ਦੇਣੇ ਪੈਣਗੇ, ਜਿਸ ਉਪਰੰਤ ਚੌਕਸੀ ਵਿਭਾਗ ਨੇ ਕਾਰਵਾਈ ਕਰਦਿਆਂ ਐੱਸ.ਡੀ.ਓ ਹਰਦੀਪ ਸਿੰਘ ਪਾਸੋਂ 10 ਹਜਾਰ ਰੁਪਏ ਦੀ ਰਿਸ਼ਵਤ ਹਾਸਿਲ ਕਰਦਿਆਂ ਰੰਗੇ ਹੱਥੀ ਕਾਬੂ ਕਰ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |