ਸੁਨਾਮ ਊਧਮ ਸਿੰਘ ਵਾਲਾ, 3 ਅਪ੍ਰੈਲ (ਭੁੱਲਰ, ਧਾਲੀਵਾਲ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ | ਮੀਟਿੰਗ ਵਿਚ ਕਿਸਾਨੀ ਮਸਲਿਆਂ 'ਤੇ ਵਿਚਾਰ ਚਰਚਾ ਕਰਨ ਉਪਰੰਤ 23 ਮਾਰਚ ਦੀ ਬਰਨਾਲਾ ਰੈਲੀ ਦੀ ਸਮੀਖਿਆ ਵੀ ਕੀਤੀ ਗਈ | ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ ਕਲ੍ਹਾਂ, ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਬਿਜਲੀ ਬਿੱਲ-2025, ਸੀਡ ਬਿੱਲ, ਨਰੇਗਾ ਨੂੰ ਖ਼ਤਮ ਕਰਨਾ ਲੇਬਰ ਕੋਡ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਫ਼ਰੀ ਟਰੇਡ ਡੀਲ ਦੀ ਹਾਮੀ ਭਰਨ ਆਦਿ ਕਿਸਾਨ-ਮਜਦੂਰਾਂ ਲਈ ਬਹੁਤ ਹੀ ਘਾਤਕ ਹਨ ਜੇਕਰ ਇਹ ਸਾਰੇ ਬਿੱਲ ਕਾਨੂੰਨ ਬਣ ਜਾਂਦੇ ਹਨ ਤਦ ਕਿਸਾਨਾਂ ਦੀ ਜ਼ਮੀਨ ਖੁਸਣਾ ਤੈਅ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਵਿਦੇਸ਼ਾਂ ਤੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਭਾਰਤ ਲੈ ਕੇ ਆਵਾਂਗੇ ਅਤੇ ਲੋਕਾਂ ਨੂੰ ਰਾਹਤ ਮਿਲੇਗੀ ਪਰ ਇਸ ਦੇ ਉਲਟ ਭਾਰਤ 'ਚ ਕਰੋੜਾਂ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ ਅਤੇ ਲੋਕ ਬੇਰੁਜ਼ਗਾਰ ਹੋ ਜਾਣਗੇ ਅਸਲ 'ਚ ਕੇਂਦਰ ਅਤੇ ਪੰਜਾਬ ਸਰਕਾਰ ਜਨਤਕ ਅਦਾਰਿਆਂ ਨੂੰ ਵੇਚਣਾ ਚਾਹੁੰਦੀਆਂ ਹਨ ਕਿਉਂਕਿ ਸਰਕਾਰੀ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨ-ਮਜਦੂਰਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ 6 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਬਹਾਲ ਸਿੰਘ ਢੀਂਡਸਾ, ਅਮਨਦੀਪ ਸਿੰਘ ਮਹਿਲਾਂ, ਬਹਾਦਰ ਸਿੰਘ ਭਟਾਲ ਖ਼ੁਰਦ, ਸੁਖਦੇਵ ਸਿੰਘ ਕੜੈਲ, ਹਰਜੀਤ ਸਿੰਘ ਮਹਿਲਾਂ, ਮਨਜੀਤ ਸਿੰਘ ਘਰਾਚੋਂ, ਜਸਵੰਤ ਸਿੰਘ ਤੋਲਾਵਾਲ, ਰਣਜੀਤ ਸਿੰਘ ਲੌਂਗੋਵਾਲ, ਹਰਬੰਸ ਸਿੰਘ ਲੱਡਾ, ਜਗਤਾਰ ਸਿੰਘ ਲੱਡੀ, ਸੁਖਪਾਲ ਸਿੰਘ ਮਾਣਕ, ਬੰਟੀ ਢੀਂਡਸਾ ਆਦਿ ਮੌਜੂਦ ਸਨ |