ਧੂਰੀ, 4 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਾਇਮਰੀ ਸਕੂਲ ਦੇ ਤਕਰੀਬਨ 65 ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ ਗਈਆਂ | ਇਹ ਵਰਦੀਆਂ ਮਾਲਵਾ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਸਕੂਲ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਭੇਟ ਕੀਤੀਆਂ ਗਈਆਂ ਹਨ | ਸਮਾਗਮ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਉਹ ਇਸ ਸਕੂਲ ਤੋਂ ਪੜ੍ਹ ਕੇ ਅੱਜ ਵੱਖ-ਵੱਖ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੁਰਾਣੇ ਵਿਦਿਆਰਥੀ ਸ਼੍ਰੀ ਬਾਲ ਕਿ੍ਸਨ ਕਲਸੀ, ਮਨਜੀਤ ਸਿੰਘ ਸ਼੍ਰੀ ਏ.ਪੀ. ਸਿੰਘ ਅਤੇ ਸ਼੍ਰੀ ਐਸ.ਐਸ. ਭਾਰਦਵਾਜ, ਜੋਗਾ ਸਿੰਘ ਵੱਲੋਂ ਆਪਣੇ ਕਰ-ਕਮਲਾਂ ਨਾਲ ਬੱਚਿਆਂ ਨੂੰ ਵਰਦੀਆਂ ਤਕਸੀਮ ਕੀਤੀਆਂ ਗਈਆਂ | ਸਕੂਲ ਦੇ ਸਮੂਹ ਸਟਾਫ਼ ਅਤੇ ਮੈਨੇਜਮੈਂਟ ਵੱਲੋਂ ਇਨ੍ਹਾਂ ਪੁਰਾਣੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਸਕੂਲ ਦੀ ਮਦਦ ਲਈ ਇਹ ਸ਼ਲਾਘਾਯੋਗ ਕਦਮ ਚੁੱਕਿਆ ਹੈ |