ਸ਼ੇਰਪੁਰ, 11 ਅਪ੍ਰੈਲ (ਮੇਘ ਰਾਜ ਜੋਸ਼ੀ) - ਪੰਜਾਬ ਦੇ ਮੁੱਖ ਮੰਤਰੀ ਤੇ ਖਜਾਨਾ ਮੰਤਰੀ ਅਕਸਰ ਸਟੇਜਾਂ ਤੋਂ ਜ਼ੋਰ-ਜ਼ੋਰ ਨਾਲ ਇੱਕ ਝੂਠ ਬੋਲਦੇ ਹਨ ਕੇ ਸਾਡੇ ਕੋਲ 'ਫ਼ੰਡਾਂ ਦੀ ਕੋਈ ਘਾਟ ਨਹੀਂ' ਪਰ ਇਹਨਾਂ ਝੂਠੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਰਹੀ ਹੈ ਤੇ ਇੱਕ ਵਾਰ ਫਿਰ ਖੁੱਲ ਚੁੱਕੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕਰਦਿਆਂ ਅੱਗੇ ਕਿਹਾ ਕਿ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਮਾਰਚ 2026 ਦੀ ਤਨਖ਼ਾਹ ਵਿੱਚ ਦੇਰੀ ਇਹ ਸਾਬਤ ਕਰਦੀ ਹੈ ਕਿ ਪੰਜਾਬ ਦਾ ਖ਼ਜ਼ਾਨਾ ਹੁਣ ਸਿਰਫ਼ ਕੇਜਰੀਵਾਲ ਦੇ ਦਿੱਲੀ ਮਾਡਲ ਦੇ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ | ਸੂਬੇ ਦੇ ਮੁਲਾਜ਼ਮ ਤਨਖ਼ਾਹ ਨੂੰ ਤਰਸ ਰਹੇ ਹਨ ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਦੱਸਣ ਕਿ ਜੇਕਰ ਖ਼ਜ਼ਾਨਾ ਭਰਿਆ ਪਿਆ ਹੈ ਤਾਂ ਫਿਰ ਤਨਖ਼ਾਹ ਵਿੱਚ ਦੇਰੀ ਕਰ ਕੇ ਮੁਲਾਜ਼ਮਾਂ ਨਾਲ ਕਿਹੜੀ ਗੱਲ ਦਾ ਬਦਲਾ ਲਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਖਜਾਨਾ ਕੋਈ ਭਰਿਆ ਨਹੀਂ ਸਗੋਂ ਆਪ ਨੇ ਦਿੱਲੀ ਵਾਲਿਆਂ ਤੇ ਪੈਸਾ ਲੁਟਾ ਕੇ ਪੰਜਾਬ ਨੂੰ ਕਰਜ਼ੇ ਦੇ ਬੋਝ ਥੱਲੇ ਦੱਬ ਦਿੱਤਾ ਅਤੇ ਹੁਣ ਨਾ ਮੁਲਾਜ਼ਮਾਂ ਨੂੰ ਡੀ. ਏ ਦਿੱਤਾ ਜਾ ਰਹੇਂ ਨਾ ਹੀ ਤਨਖ਼ਾਹਾਂ, ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਜਿੱਥੇ ਹਰ ਵਰਗ ਦੀ ਭਲਾਈ ਲਈਾ ਕੰਮ ਹੋਣਗੇ ਉੱਥੇ ਮੁਲਾਜ਼ਮਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਹੋਣਗੇ |