ਭਵਾਨੀਗੜ੍ਹ, 11 ਅਪ੍ਰੈਲ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ 'ਚ ਕੀਤੇ ਗਏ ਪ੍ਰਬੰਧਾਂ ਦੇ ਦਾਵਿਆ ਦੀ ਪੋਲ ਉਦੋਂ ਖੁੱਲ੍ਹਦੀ ਹੈ ਜਦੋਂ ਨੇੜਲੇ ਪਿੰਡ ਭੜੋਂ ਅਤੇ ਕਪਿਆਲ ਦੀਆਂ ਅਨਾਜ ਮੰਡੀਆਂ 'ਚ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਸਹੂਲਤ ਦੇ ਲਈ ਸਫ਼ਾਈ, ਬਿਜਲੀ,ਪਾਣੀ ਦੇ ਪ੍ਰਬੰਧ ਹਾਲੇ ਤੱਕ ਨਹੀਂ ਕਰਵਾਏ ਗਏ | ਪਿੰਡ ਭੜੋ ਦੀ ਅਨਾਜ ਮੰਡੀ ਵਿਖੇ ਕਿਸਾਨਾਂ ਨੇ ਦੱਸਿਆ ਕਿ ਅਨਾਜ ਮੰਡੀ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਾ ਹੀ ਸਫ਼ਾਈ ਕਰਵਾਈ ਗਈ ਹੈ ਤੇ ਨਾ ਹੀ ਪੀਣ ਲਈ ਪਾਣੀ , ਬਿਜਲੀ ਤੇ ਬਾਥਰੂਮਜ਼ ਵਗ਼ੈਰਾ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਖ਼ੁਦ ਕਿਸਾਨਾਂ ਵੱਲੋਂ ਸਫ਼ਾਈ ਕਰ ਕੇ ਆਪਣੀ ਫ਼ਸਲ ਨੂੰ ਮੰਡੀ 'ਚ ਉਤਾਰਿਆ ਗਿਆ ਹੈ | ਸਰਕਾਰਾਂ ਦੇ ਪ੍ਰਬੰਧਾਂ ਪ੍ਰਤੀ ਨਾਰਾਜ਼ਗੀ ਜਾਹਿਰ ਕਰਦਿਆ ਹੋਏ ਕਿਸਾਨ ਨੇ ਕਿਹਾ ਕਿ ਇੱਥੇ ਵੱਡਾ ਵੱਡਾ ਘਾਹ-ਫੂਸ ਤੋਂ ਇਲਾਵਾ ਪਾਥੀਆਂ ਤੇ ਗੰਦਗੀ ਦੇ ਢੇਰ ਪਏ ਹਨ | ਅਧਿਕਾਰੀਆਂ ਨੇ ਸਫ਼ਾਈ ਪ੍ਰਬੰਧਾਂ ਵਲ ਕੋਈ ਵੀ ਧਿਆਨ ਨਹੀਂ ਦਿੱਤਾ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਦੱਸਿਆ ਕਿ ਪਿੰਡ ਕਪਿਆਲ ਦੀ ਅਨਾਜ ਮੰਡੀ ਵਿਖੇ ਵੀ ਕਈ ਕਿਸਾਨ ਆਪਣੀ ਫ਼ਸਲ ਲੈ ਆਏ ਹਨ ਪਰ ਇਥੇ ਸਫ਼ਾਈ ਪ੍ਰਬੰਧਾਂ ਦਾ ਬਹੁਤ ਹੀ ਬੁਰਾ ਹਾਲ ਹੈ | ਕਿਸਾਨਾਂ ਦੇ ਪੀਣ ਲਈ ਪਾਣੀ, ਬਿਜਲੀ, ਬਾਥਰੂਮ ਵਗੈਰਾ ਦਾ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਨਾਲ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਨਾਜ ਮੰਡੀਆਂ 'ਚ ਕਿਸਾਨਾਂ ਦੀਆਂ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ | ਇਸ ਸਬੰਧੀ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਜਦੋਂ ਪੱਤਰਕਾਰਾਂ ਨੇ ਪਿੰਡ ਭੜੋ ਦੀ ਅਨਾਜ ਮੰਡੀ 'ਚ ਅਧਿਕਾਰੀਆਂ ਵੱਲੋਂ ਸਫ਼ਾਈ ਨਾ ਕਰਵਾਏ ਜਾਣ ਸਬੰਧੀ ਸਵਾਲ ਕੀਤੇ ਤਾਂ ਉਨ੍ਹਾਂ ਨੇ ਤਰੁੰਤ ਹੀ ਐੱਸ.ਡੀ.ਐੱਮ.ਭਵਾਨੀਗੜ੍ਹ ਮਨਜੀਤ ਕੌਰ ਨੂੰ ਫੋਨ ਲਗਾ ਕੇ ਗੱਲਬਾਤ ਕਰਦਿਆਂ ਹੋਏ ਸਖ਼ਤ ਹਦਾਇਤਾਂ ਦਿੱਤੀਆ ਕਿ ਅਗਰ ਕਿਸੇ ਵੀ ਅਧਿਕਾਰੀ ਨੇ ਕੋਈ ਕੁਤਾਹੀ ਵਰਤੀ ਹੈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਐੱਸ.ਡੀ.ਐੱਮ. ਭਵਾਨੀਗੜ੍ਹ ਮਨਜੀਤ ਕੌਰ ਨਾਲ ਗੱਲਬਾਤ ਕਰਨ ਲਈ ਵਾਰ-ਵਾਰ ਫ਼ੋਨ ਕੀਤਾ ਗਿਆ ਤਾਂ ਉਨਾਂ ਨੇ ਫ਼ੋਨ ਨਹੀਂ ਚੁੱਕਿਆ |