ਸੰਗਰੂਰ, 15 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਨਰਲ ਸਕੱਤਰ ਸੰਗਠਨ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਬਲਾਕ ਪ੍ਰਧਾਨਾ ਦੀ ਜਾਰੀ ਕੀਤੀ ਸੂਚੀ ਅਨੁਸਾਰ ਸ੍ਰੀ ਰੌਕੀ ਬਾਂਸਲ ਨੂੰ ਮੁੜ ਸੰਗਰੂਰ ਦਾ ਪ੍ਰਧਾਨ ਅਤੇ ਬਲਾਕ ਭਵਾਨੀਗੜ੍ਹ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ | ਇੱਥੇ ਇਹ ਜ਼ਿਕਰਯੋਗ ਹੈ ਕਿ ਰੌਕੀ ਬਾਂਸਲ ਅਤੇ ਗੁਰਪ੍ਰੀਤ ਸਿੰਘ ਲਗਾਤਾਰ ਦੂਜੀ ਵਾਰ ਬਲਾਕ ਪ੍ਰਧਾਨ ਬਣੇ ਹਨ ਅਤੇ ਇਨ੍ਹਾਂ ਦੋਵਾਂ ਆਗੂਆਂ ਨੂੰ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੇ ਅਤਿ ਨਜ਼ਦੀਕੀਆਂ ਵਿਚੋਂ ਜਾਣਿਆ ਜਾਂਦਾ ਹੈ | ਇਸੇ ਤਰ੍ਹਾਂ ਮਲੇਰਕੋਟਲਾ -1 ਦਾ ਬਲਾਕ ਪ੍ਰਧਾਨ ਮੁਹੰਮਦ ਅਕਰਮ ਨੂੰ ਅਤੇ ਮਲੇਰਕੋਟਲਾ - 2 ਦਾ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ | ਗੁਆਂਢੀ ਜ਼ਿਲ੍ਹੇ ਬਰਨਾਲਾ ਦਾ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਬਰਨਾਲਾ - 2 ਦਾ ਬਲਾਕ ਪ੍ਰਧਾਨ ਸੁਰਿੰਦਰਪਾਲ ਬਾਲਾ ਨੂੰ ਨਿਯੁਕਤ ਕੀਤਾ ਹੈ | ਰੌਕੀ ਬਾਂਸਲ ਨੇ ਕਿਹਾ ਕਿ ਉਨ੍ਹਾਂ ਹ)ਮੇਸ਼ਾ ਤਨਦੇਹੀ ਨਾਲ ਪਾਰਟੀ ਲਈ ਕੰਮ ਕੀਤਾ ਹੈ ਅਤੇ ਪਾਰਟੀ ਵਲੋਂ ਦਿੱਤੇ ਹਰ ਦਿਸ਼ਾ ਨਿਰਦੇਸ਼ ਨੂੰ ਸਿਰੇ ਚਾੜਿਆ ਹੈ | ਇੱਥੇ ਇਹ ਜ਼ਿਕਰਯੋਗ ਹੈ ਕਿ ਬਲਾਕ ਪ੍ਰਧਾਨ ਰੌਕੀ ਬਾਂਸਲ ਦੀ ਅਗਵਾਈ ਹੇਠ ਨਗਰ ਕੌਂਸਲ ਚੋਣਾਂ ਹੋਈਆਂ ਸਨ, ਜਿਸ ਵਿਚ ਕਾਂਗਰਸ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ਕੌਂਸਲਰ ਜਿਤਾਏ ਸਨ ਇਸ ਤੋਂ ਇਲਾਵਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੀ ਕਾਂਗਰਸ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ ਸੀ | ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰੌਕੀ ਬਾਂਸਲ ਨੇ ਕਿਹਾ ਕਿ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ | ਉਨ੍ਹਾਂ ਆਪਣੀ ਦੂਜੀ ਵਾਰ ਹੋਈ ਨਿਯੁਕਤੀ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੀ ਵਿਜੈਇੰਦਰ ਸਿੰਗਲਾ ਅਤੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਦਾ ਅਭਾਰ ਪ੍ਰਗਟ ਕਰਦਿਆਂ ਕਿਹਾ ਕਿ ਬੂਥ ਪੱਧਰ ਉੱਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ 2027 ਦੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਉਮੀਦਵਾਰ ਦੀ ਵੱਡੀ ਜਿੱਤ ਨਿਸ਼ਚਤ ਕਰਵਾਉਣਾ ਉਨ੍ਹਾਂ ਦੀ ਮੁੱਖ ਪ੍ਰਾਥਮਿਕਤਾ ਰਹੇਗੀ |