ਮਲੇਰਕੋਟਲਾ, 16 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਸਕੂਲਾਂ ਦੇ ਨਵੇਂ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਪੰਜਾਬ ਸਰਕਾਰ ਦੇ ਇਹ ਵਿਭਾਗ ਹੋ ਗਏ ਹਨ ਪੂਰੀ ਤਰ੍ਹਾਂ ਚੌਕਸ | ਜ਼ਿਲ੍ਹਾ ਬਾਲ ਵਿਕਾਸ ਸੁਰੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਬੱਸਾਂ ਦੀ ਵੱਡੇ ਪੱਧਰ ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਢੀ ਹੋਈ ਹੈ | ਇਸ ਮੁਹਿੰਮ ਤਹਿਤ Tਸੇਫ ਸਕੂਲ ਵਾਹਨ ਪਾਲਿਸੀUਦੇ ਨਿਯਮਾਂ ਅਧੀਨ ਵੱਖ-ਵੱਖ ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ, ਤਾਂ ਜੋ ਬੱਚਿਆਂ ਦੀ ਆਵਾਜਾਈ ਨੂੰ ਹੋਰ ਵੀ ਸੁਰੱਖਿਅਤ ਬਣਾਇਆ ਜਾ ਸਕੇ | ਉਪਰੋਕਤ ਜਾਣਕਾਰੀ ਦਿੰਦਿਆਂ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਕੁੱਲ 22 ਸਕੂਲੀ ਬੱਸਾਂ ਦੀ ਪੜਤਾਲ ਕੀਤੀ ਗਈ ਅਤੇ ਇਕ ਬੱਸ ਦਾ ਚਲਾਨ ਕੀਤਾ ਗਿਆ ਹੈ ਅਤੇ ਸਬੰਧਿਤ ਪ੍ਰਬੰਧਕਾਂ ਨੂੰ ਤੁਰੰਤ ਦਸਤਾਵੇਜ਼ ਪੂਰੇ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ | ਇਸ ਮੌਕੇ ਆਰ.ਟੀ.ਓ. ਸ਼ਹਿਨਾਜ਼ ਪ੍ਰਵੀਨ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਡਰਾਈਵਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ Tਸੇਫ ਸਕੂਲ ਵਾਹਨ ਪਾਲਿਸੀUਦੇ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ | ਇਸ ਮੌਕੇ ਲੀਗਲ ਅਫ਼ਸਰ (ਬਾਲ ਸੁਰੱਖਿਆ ਵਿਭਾਗ) ਬਬੀਤਾ ਕੁਮਾਰੀ, ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਇੰਚਾਰਜ ਇੰਸਪੈਕਟਰ ਬਲਵੀਰ ਸਿੰਘ, ਸਿੱਖਿਆ ਵਿਭਾਗ ਤੋਂ ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਸੋਸ਼ਲ ਵਰਕਰ ਗੁਰਜੰਟ ਸਿੰਘ ਅਤੇ ਮੀਡੀਆ ਸਹਾਇਕ ਪਰਗਟ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |
ਸਕੂਲਾਂ ਦਾ ਨਵਾਂ ਸੈਸ਼ਨ ਸ਼ੁਰੂ ਹੁੰਦਿਆਂ ਹੀ 22 ਬੱਸਾਂ ਦੀ ਜਾਂਚ, ਇਕ ਦਾ ਕੀਤਾ ਚਲਾਨ
17-04-2026