ਐੱਚ. ਪੀ. ਵੀ. ਵੈਕਸੀਨ ਬੱਚੀਆਂ ਲਈ ਜ਼ਰੂਰੀ
ਅਜੀਤ ਡੈਸਕ
17-04-2026
ਸ਼ੇਰਪੁਰ, 16 ਅਪ੍ਰੈਲ (ਮੇਘ ਰਾਜ ਜੋਸ਼ੀ)-ਸਿਵਲ ਸਰਜਨ ਸੰਗਰੂਰ ਡਾ.ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐੱਸ. ਭਿੰਡਰ ਦੀ ਅਗਵਾਈ ਵਿਚ ਹਾਈ ਸਕੂਲ ਫ਼ਤਿਹਗੜ੍ਹ ਪੰਜਗਰਾਈਆਂ ਅਤੇ ਸਬ ਸੈਂਟਰ ਮਾਹਮਦਪੁਰ ਵਿਖੇ ਕਿਸ਼ੋਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਐੱਚ.ਪੀ.ਵੀ. ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ.ਜੀ. ਐੱਸ. ਭਿੰਡਰ ਨੇ ਦੱਸਿਆ ਕਿ ਬੱਚੇਦਾਨੀ ਦੇ ਕੈਂਸਰ ਭਾਰਤ ਦੇਸ਼ ਵਿੱਚ ਦੂਜਾ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਹੈ ਜਿਸ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ ਹੈ | ਇਸ ਪ੍ਰਤੀ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਐਚ.ਪੀ.ਵੀ. ਵੈਕਸੀਨ ਬਹੁਤ ਫ਼ਾਇਦੇਮੰਦ ਹੈ | ਇਸ ਵੈਕਸੀਨ ਦਾ ਮੰਤਵ ਕੈਂਸਰ ਬਿਮਾਰੀ ਤੋਂ ਬਚਾਅ ਅਤੇ ਹੋਰ ਬਿਮਾਰੀਆਂ ਤੋਂ ਰੋਕਥਾਮ ਅਤੇ ਮੌਤ ਦਰ ਘੱਟ ਕਰਨਾ ਹੈ | ਬਲਾਕ ਐਜੂਕੇਟਰ ਹਰਪ੍ਰੀਤ ਕੌਰ ਨੇ ਕਿਹਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਇਹ ਟੀਕਾਕਰਨ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਇਹ ਵੈਕਸੀਨ 14 ਤੋਂ 15 ਸਾਲ ਦੀਆਂ ਬੱਚੀਆਂ ਦੇ ਮੁਫ਼ਤ ਲਗਾਈ ਜਾਵੇਗੀ | ਇਸ ਮੌਕੇ ਬਲਜੀਤ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ, ਸਮਨਦੀਪ ਕੌਰ, ਮਨਿੰਦਰ ਕੌਰ, ਸਮੂਹ ਆਸ਼ਾ, ਵਿਦਿਆਰਥਣਾਂ ਅਤੇ ਮਾਪੇ ਮੌਜੂਦ ਸਨ |