ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ, ਸੰਗਰੂਰ ਨੇ ਕਲਾਸ ਦਸਵੀਂ ਦੀ ਬੋਰਡ ਪ੍ਰੀਖਿਆ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਫ਼ੀਸਦੀ ਨਤੀਜਾ ਹਾਸਲ ਕੀਤਾ ਹੈ | ਇਸ ਸਾਲ ਸਕੂਲ ਦੀ ਵਿਦਿਆਰਥਣ ਪਵਾਨੀ ਗੁਪਤਾ ਨੇ 99.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹਾ ਵਿਚੋਂ ਸਰਵੋਤਮ ਸਥਾਨਕ ਹਾਸਲ ਕੀਤਾ ਹੈ | ਸਕੂਲ ਦੇ ਮੈਨੇਜਰ ਫਾਦਰ ਲਾਰੈਂਸ ਬੇਨੇਡਿਕਟ ਨੇ ਦੱਸਿਆ ਹੋਰ ਮੈਰਿਟ ਸੂਚੀ ਵਿਚ ਸ਼ਾਮਲ ਵਿਦਿਆਰਥੀਆਂ ਵਿੱਚ ਏਕਨੂਰ ਕੌਰ ਨੇ 99 ਫ਼ੀਸਦੀ, ਅਰਸ਼ੀਆ ਗੁਪਤਾ ਨੇ 97.8 ਫ਼ੀਸਦੀ, ਅਗਾਮਿਆ ਕੁੰਦਰਾ ਨੇ 97.6 ਫ਼ੀਸਦੀ ਅਤੇ ਅਵਲੀਨ ਕੌਰ ਮੰਡੇਰ ਨੇ 97.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੇ ਕੁੱਲ ਨਤੀਜੇ ਅਨੁਸਾਰ 23 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ, 43 ਵਿਦਿਆਰਥੀਆਂ ਨੇ 90 ਤੋਂ 94 ਫ਼ੀਸਦੀ, ਜਦਕਿ 40 ਵਿਦਿਆਰਥੀਆਂ ਨੇ 80 ਤੋਂ 89 ਫ਼ੀਸਦੀ ਅੰਕ ਪ੍ਰਾਪਤ ਕੀਤੇ, ਜੋ ਸਕੂਲ ਦੀ ਉੱਚ ਅਕਾਦਮਿਕ ਮਿਆਰ ਦੀ ਪ੍ਰੋੜ੍ਹਤਾ ਕਰਦਾ ਹੈ | ਇਸ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਮੈਰੀ ਲਾਵਾਨਿਆ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਸਕੂਲ ਦੇ ਮੈਨੇਜਰ ਫਾਦਰ ਲਾਰੈਂਸ ਬੇਨੇਡਿਕਟ ਨੇ ਵੀ ਸਾਰੇ ਵਿਦਿਆਰਥੀਆਂ ਦੀ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੁੰਦੇ ਹਨ |