ਸੰਗਰੂਰ, 16 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਮੇਲਾ ਸਿੰਘ ਪੁੰਨਾਂਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪੁੱਜੋ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਸੱਤ ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਪਿੱਠ ਮੋੜ ਚੁੱਕੀ ਹੈ ਵੱਖੋ ਵੱਖ ਵਿਭਾਗਾਂ ਦੇ ਕੱਚੇ, ਠੇਕਾ, ਆਊਟਸੋਰਸਿਜ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਤਨਖ਼ਾਹ ਅਤੇ ਪੈਨਸ਼ਨ ਰਵਿਇਜ ਦੇ ਬਕਾਇਆ ਨੂੰ ਕਿਸ਼ਤਾਂ ਵਿਚ ਵੰਡ ਕੇ ਖੱਖੜੀਆਂ ਕਰੇਲੇ ਕਰ ਦਿੱਤਾ ਹੈ, ਪੈਨਸ਼ਨਰਾਂ ਨੂੰ 2-59 ਦਾ ਗੁਣਾਕ ਨਹੀਂ ਦਿੱਤਾ ਜਾ ਰਿਹਾ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ 16 ਫ਼ੀਸਦੀ ਡੀ ਏ ਦੇਣ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੀਤੇ ਫ਼ੈਸਲੇ ਲਾਗੂ ਕਰਨ ਦੀ ਬਜਾਏ ਰੀਵਿਊ ਪਟੀਸ਼ਨ ਪਾਉਣ ਦੀਆਂ ਘਾੜਤਾਂ ਜਾ ਰਹੀਆਂ ਹਨ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ15 ਹਜ਼ਾਰ ਕਰੋੜ ਰੁਪਏ ਦੇ ਬਕਾਏ ਦੱਬ ਕੇ ਪੰਜਾਬ ਦੇ ਆਮ ਲੋਕਾਂ ਨੂੰ ਮੁਫ਼ਤ ਖੋਰੀ ਸਕੀਮਾਂ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ | ਮੀਟਿੰਗ ਵਿਚ ਵੱਖ ਵੱਖ ਵਿਭਾਗਾਂ ਵਿਚ ਪੈਡਿੰਗ ਪਈਆ ਮੰਗਾਂ ਦਾ ਵੀ ਨੋਟਿਸ ਲਿਆ ਗਿਆ ਇਹਨਾਂ ਦੀ ਪ੍ਰਾਪਤੀ ਲਈ ਜ਼ਿਲ੍ਹਾ ਪੱਧਰ 'ਤੇ ਤਿੱਖੇ ਸੰਘਰਸ਼ ਆਰੰਭ ਕਰਨ ਸਬੰਧੀ ਫ਼ੈਸਲੇ ਕੀਤੇ ਗਏ ਜਿਸ ਦੀ ਪਹਿਲੀ ਕੜੀ ਵਜੋਂ 23 ਅਪ੍ਰੈਲ ਨੂੰ ਵਣ ਮੰਡਲ ਅਫ਼ਸਰ ਸੰਗਰੂਰ ਦੇ ਦਫ਼ਤਰ ਅੱਗੇ ਜੰਗਲਾਤ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ ਜਾਵੇਗਾ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਇੰਦਰ ਸਿੰਘ ਧੂਰੀ, ਹੰਸ ਰਾਜ ਦੀਦਾਰਗੜ੍ਹ, ਗੁਰਮੀਤ ਸਿੰਘ ਮਿੱਡਾ, ਨਾਜਰ ਸਿੰਘ ਈਸੜਾ, ਕੇਵਲ ਸਿੰਘ ਗੁੱਜਰਾਂ, ਬੀਰਾ ਸਿੰਘ, ਦਵਿੰਦਰ ਸਿੰਘ, ਕਰਨਵੀਰ ਸਿੰਘ, ਵਿਜੇ ਕੁਮਾਰ, ਅਜੇ ਕੁਮਾਰ ਹੈਲਥ, ਤੋਤਾ ਖਾਂ ਵੇਆਰ ਹਾਊਸ, ਕੁਲਦੀਪ ਸਿੰਘ, ਰਾਜੂ ਸਿੰਘ, ਮੰਡੀ ਬੋਰਡ, ਸਰੀਫ ਮੁਹੰਮਦ, ਨਾਜਰ ਹੂਸੈਨ ਬਾਗਬਾਨੀ, ਗੁਰਜੰਟ ਸਿੰਘ ਬੁਗਰਾ, ਅਮਰੀਕ ਸਿੰਘ ਬਾਗ਼ਬਾਨੀ, ਹੰਸਾ ਸਿੰਘ ਸੀਵਰੇਜ ਬੋਰਡ, ਹਾਕਮ ਸਿੰਘ, ਪੱਪੂ ਤੁਪਕਾ, ਆਦਿ ਆਗੂ ਹਾਜ਼ਰ ਸਨ |