ਸੰਗਰੂਰ, 19 ਅਪ੍ਰੈਲ (ਦਮਨਜੀਤ ਸਿੰਘ)-ਚੰਡੀਗੜ੍ਹ-ਬਠਿੰਡਾ ਮੁੱਖ ਮਾਰਗ ਸਥਿਤ ਪਿੰਡ ਕਮੋਮਾਜਰਾ ਨੇੜਲੇ ਸਾਹਿਬਜ਼ਾਦਾ ਚੌਂਕ ਵਿਖੇ ਅੱਜ ਦੁਪਹਿਰ ਸਮੇਂ ਇੱਕ ਕਾਰ ਅਤੇ ਥਾਰ ਗੱਡੀ ਦੀ ਭਿਆਨਕ ਟੱਕਰ ਦੌਰਾਨ ਲੁਧਿਆਣਾ ਦੇ ਵਸਨੀਕ ਇੱਕ ਵਿਅਕਤੀ ਦੀ ਮੌਤ ਹੋਣ ਅਤੇ 2 ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਇੱਕ ਗੱਡੀ ਵਿੱਚ ਸਵਾਰ ਹੋ ਮਹਿੰਦਰ ਸ਼ਰਮਾ ਅਤੇ ਸਤੀਸ਼ ਕੁਮਾਰ ਦੋਵੇਂ ਭਰਾ ਆਪਣੇ ਇੱਕ ਹੋਰ ਸਾਥੀ ਨਾਲ ਜਲੰਧਰ ਤੋਂ ਆਪਣੀ ਭੈਣ ਦੇ ਅੰਤਿਮ ਸੰਸਕਾਰ ਉੱਤੇ ਜਾ ਰਹੇ ਸਨ ਤਾਂ ਸੰਗਰੂਰ ਦੇ ਸਾਹਿਬਜ਼ਾਦਾ ਚੌਕ ਵਿਖੇ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾ ਲੱਗੀਆਂ | ਰਾਹਗੀਰਾਂ ਅਤੇ ਐੱਸ.ਐੱਸ.ਐਫ. ਵੱਲੋਂ ਉਨ੍ਹਾਂ ਨੂੰ ਐਂਬੂਲੈਂਸ ਰਾਹੀ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ ਗਿਆ | ਜਿੱਥੇ ਡਿਊਟੀ ਉੱਤੇ ਤਾਇਨਾਤ ਡਾ. ਗੀਤਾਂਜਲੀ ਵੱਲੋਂ ਸਤੀਸ਼ ਕੁਮਾਰ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਮਹਿੰਦਰ ਸ਼ਰਮਾ ਅਤੇ ਨਵੀਨ ਕੁਮਾਰ ਦਾ ਇਲਾਜ ਆਰੰਭ ਦਿੱਤਾ ਗਿਆ | ਸਿਵਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਭਰਾ ਸਤੀਸ਼ ਕੁਮਾਰ ਨੂੰ ਲੁਧਿਆਣਾ ਤੋਂ ਲੈ ਕੇ ਆਪਣੇ ਭੈਣ ਦੇ ਅੰਤਿਮ ਸੰਸਕਾਰ ਉੱਤੇ ਜਾ ਰਹੇ ਸੀ ਤਾਂ ਇੱਕ ਥਾਰ ਗੱਡੀ ਨੇ ਅਚਾਨਕ ਉਨ੍ਹਾਂ ਦੀ ਗੱਡੀ ਨੂੰ ਪਿੱਛੋਂ ਆ ਕੇ ਟੱਕਰ ਮਾਰੀ ਜਿਸ ਨਾਲ ਉਨ੍ਹਾਂ ਸਮੇਤ ਭਰਾ ਸਤੀਸ਼ ਕੁਮਾਰ ਅਤੇ ਕਾਰ ਚਾਲਕ ਨਵੀਨ ਕੁਮਾਰ ਨੂੰ ਗੰਭੀਰ ਸੱਟਾ ਲੱਗੀਆਂ | ਥਾਣਾ ਸਦਰ ਸੰਗਰੂਰ ਮੁਖੀ ਅਵਤਾਰ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਥਾਰ ਚਾਲਕ ਹਰਕਰਨ ਸਿੰਘ ਵਾਸੀ ਲੌਂਗੋਵਾਲ ਵਿਰੁੱਧ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸਬੰਧਿਤ ਥਾਰ ਨੂੰ ਵੀ ਪੁਲਿਸ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ |