ਸੰਗਰੂਰ, 21 ਅਪ੍ਰੈਲ (ਧੀਰਜ ਪਸ਼ੌਰੀਆ)-ਪੰਜਾਬ ਟਰੇਡਰਜ਼ ਕਮਿਸ਼ਨ ਦੀ ਕੁੱਝ ਸਮਾਂ ਪਹਿਲਾਂ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਤੋਂ ਬਾਅਦ ਵਪਾਰੀਆਂ ਦੇ ਮਸਲੇ ਹੱਲ ਕਰਨ ਦੀ ਗੱਲ ਤੁਰਨ ਲੱਗੀ ਹੈ | ਇਸ ਸਬੰਧੀ ਕਰਿਆਨਾ ਐਸੋਸੀਏਸ਼ਨ ਦੇ ਸੂਬਾਈ ਆਗੂ ਅਸ਼ੋਕ ਗੋਇਲ ਨੇ ਦੱਸਿਆ ਕਿ ਨਾਪ ਤੋਲ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਨਾਪ ਤੋਲ ਵਿਭਾਗ ਵਿੱਚੋਂ ਠੇਕੇਦਾਰੀ ਸਿਸਟਮ ਨੂੰ ਜਲਦ ਹੀ ਖ਼ਤਮ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸੰਗਰੂਰ ਵਿਖੇ ਹੋਈ ਬੈਠਕ ਦੌਰਾਨ ਅਸ਼ੋਕ ਗੋਇਲ ਵੱਲੋਂ ਮੰਗ ਕੀਤੀ ਗਈ ਸੀ ਕਿ ਕੰਡਿਆਂ ਵਟਿਆਂ ਨੂੰ ਇੱਕ ਸਾਲ ਬਾਅਦ ਜੋ ਚੈੱਕ ਕੀਤਾ ਜਾਂਦਾ ਹੈ ਉਸ ਵਿੱਚ ਠੇਕੇਦਾਰੀ ਸਿਸਟਮ ਨੂੰ ਖ਼ਤਮ ਕੀਤਾ ਜਾਵੇ ਕਿਉਂਕਿ ਠੇਕੇਦਾਰਾਂ ਵੱਲੋਂ ਬਣਦੀ ਫ਼ੀਸ ਤੋਂ ਦੁੱਗਣੀ ਫ਼ੀਸ ਵਸੂਲੀ ਜਾਂਦੀ ਹੈ | ਦੂਜਾ ਕਰਿਆਣਾ ਵਪਾਰੀਆਂ ਵੱਲੋਂ ਬੈਠਕ ਦੌਰਾਨ ਇਹ ਵੀ ਮੰਗ ਕੀਤੀ ਗਈ ਸੀ ਕਿ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ, ਉਹ ਰਿਟੇਲ ਦੇ ਦੁਕਾਨਦਾਰਾਂ ਤੋਂ ਕਰਨ ਦੀ ਬਜਾਏ ਜੋ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਬਣਾਉਂਦੇ ਹਨ ਭਾਵ ਸੈਂਪਲਿੰਗ ਮੈਨੂਫੈਕਚਰਿੰਗ ਤੋਂ ਕੀਤੀ ਜਾਵੇ | ਵਪਾਰੀ ਆਗੂ ਅਸ਼ੋਕ ਗੋਇਲ ਨੇ ਇਹ ਵੀ ਮੰਗ ਕੀਤੀ ਹੈ ਕਿ ਛੋਟੇ ਵਪਾਰੀਆਂ ਨੂੰ ਜੀ.ਐਸ.ਟੀ. ਨੰਬਰ ਲੈਣ ਦੀ ਹੱਦ ਨੂੰ 40 ਲੱਖ ਰੁਪਏ ਤੋਂ ਵਧਾ ਕੇ ਇੱਕ ਕਰੋੜ ਰੁਪਏ ਤੱਕ ਕੀਤਾ ਜਾਵੇ | ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨੂੰ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਲਈ ਪੰਜਾਬ ਟਰੇਡਰਜ਼ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਅਤੇ ਵਪਾਰੀਆਂ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ |