ਮਲੇਰਕੋਟਲਾ, 21 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ (ਐਨ.ਆਰ.ਆਈ) ਅਰਫਾਤ ਖ਼ਾਨ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਐਡਵੋਕੇਟ ਇਕਬਾਲ ਸਿੰਘ ਝੂੰਦਾਂ ਅਤੇ ਦੋਵੇਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤਾ ਗਿਆ ਉਪਰਾਲਾ ਬੇਹੱਦ ਸ਼ਲਾਘਾਯੋਗ ਕਦਮ ਹੈ | ਜਿਸ ਦੇ ਭਵਿੱਖ 'ਚ ਚੰਗੇ ਨਤੀਜੇ ਸਾਹਮਣੇ ਆਉਣਗੇ, ਕਿਉਂਕਿ ਪੰਜਾਬੀਆਂ ਦਾ ਇਤਿਹਾਸ ਹੈ ਕਿ ਜਦੋਂ ਵੀ ਕਿਤੇ ਜ਼ੁਲਮ ਹੁੰਦਾ ਹੈ ਉਹ ਜ਼ਾਲਿਮ ਦੇ ਨਾਲ ਨਹੀਂ ਬਲਕਿ ਜ਼ੁਲਮ ਦੇ ਖ਼ਿਲਾਫ਼ ਖੜ੍ਹੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜੋ ਜ਼ੁਲਮ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਤੇ ਸਰਕਾਰਾਂ ਕਰ ਰਹੀਆਂ ਹਨ ਨੂੰ ਲੋਕ ਭਲੀਭਾਂਤ ਉਸ ਨੰੂ ਦੇਖ ਰਹੇ ਹਨ | ਪੰਜਾਬ ਦੇ ਲੋਕ ਆਪਣੇ-ਆਪ ਹੀ ਭਾਈ ਅੰਮਿ੍ਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਲੈ ਆਉਣਗੇ, ਕਿਉਂਕਿ ਪੰਜਾਬੀਆਂ ਨੂੰ ਹੁਣ ਇੱਕੋ-ਇੱਕ ਰਾਹ ਦਿਖਾਈ ਦੇ ਰਿਹਾ ਹੈ | ਜਿਸ ਨਾਲ ਭਾਈ ਸਾਹਿਬ ਨੂੰ ਬਾਹਰ ਲਿਆਂਦਾ ਜਾ ਸਕਦਾ ਹੈ ਅਤੇ ਨਸ਼ੇ ਦੀ ਦਲਦਲ 'ਚ ਧਸਦੇ ਜਾ ਰਹੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਤੇ ਮੌਜੂਦਾ ਦਿੱਲੀ ਦੀ ਗ਼ੁਲਾਮ ਸਰਕਾਰ ਨੂੰ ਚੱਲਦਾ ਕਰਕੇ ਇਹਨਾਂ ਤੋਂ ਇੱਕ-ਇੱਕ ਪੈਸੇ ਦਾ ਹਿਸਾਬ ਲੈਣ ਲਈ ਸਰਕਾਰ-ਏ-ਖਾਲਸਾ ਬਣਾਈ ਜਾਵੇ | ਜਿਸ ਸਰਕਾਰ 'ਚ ਸਾਰੇ ਧਰਮਾਂ ਨੂੰ ਇੱਜ਼ਤ ਨਾਲ ਜਿਊਣ ਦਾ ਹੱਕ ਹੋਵੇ ਅਤੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਹੋਵੇ |