ਸੰਗਰੂਰ, 21 ਅਪ੍ਰੈਲ (ਧੀਰਜ ਪਸੋਰੀਆ)-ਨਗਰ ਕੌਂਸਲ ਸੰਗਰੂਰ ਦੇ ਦਫ਼ਤਰ ਵਿਚ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਕੀਤੀ ਹਫ਼ਤਾਵਾਰੀ ਮੀਟਿੰਗ ਦੌਰਾਨ 125 ਦੇ ਕਰੀਬ ਸ਼ਹਿਰ ਵਾਸੀ ਵੱਖ ਵੱਖ ਸਮੱਸਿਆਵਾਂ ਲੈ ਕੇ ਮੀਟਿੰਗ ਵਿਚ ਪਹੁੰਚੇ ਪਰ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਕਈ ਨਗਰ ਕੌਂਸਲਰਾਂ ਨੇ ਇਸ ਬੈਠਕ ਤੋਂ ਦੂਰੀ ਬਣਾ ਕੇ ਰੱਖੀ | ਬੈਠਕ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ, ਸੀਵਰੇਜ ਤੇ ਜਲ ਸਪਲਾਈ ਵਿਭਾਗ, ਪਾਵਰਕਾਮ, ਦੋਨਾਂ ਪੁਲਿਸ ਥਾਣਿਆਂ ਦੇ ਇੰਚਾਰਜ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ | ਬੈਠਕ ਤੋਂ ਬਾਅਦ 'ਅਜੀਤ' ਨਾਲ ਗੱਲਬਾਤ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਜ਼ਿਆਦਾਤਰ ਸਮੱਸਿਆਵਾਂ ਸੀਵਰੇਜ ਨਿਕਾਸੀ, ਸਟਰੀਟ ਲਾਈਟਾਂ, ਪਾਵਰਕਾਮ ਨਾਲ ਸੰਬੰਧਿਤ ਸਨ ਕੁਝ ਸ਼ਿਕਾਇਤਾਂ ਹੋਰਨਾਂ ਵਿਭਾਗਾਂ ਨਾਲ ਸੰਬੰਧਿਤ ਵੀ ਸਨ | ਮੌਕੇ 'ਤੇ ਹੀ ਸ਼ਿਕਾਇਤਾਂ ਨਾਲ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਹੱਲ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਭਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਇਸ ਲਈ ਉਹ ਬਤੌਰ ਹਲਕਾ ਵਿਧਾਇਕ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹਨ | ਕਿਸੇ ਵੀ ਵਿਭਾਗ ਦੇ ਅਧਿਕਾਰੀ ਵੱਲੋਂ ਕੀਤੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |