ਮਲੇਰਕੋਟਲਾ, 21 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਵਿਧਾਨ ਸਭਾ ਹਲਕਾ ਅਮਰਗੜ੍ਹਤੋਂ ਕਾਂਗਰਸ ਦੀ ਟਿਕਟ ਸਰਵੇ ਕਰਵਾ ਕੇ ਕਿਸੇ ਯੋਗ ਆਗੂ ਨੂੰ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਲੇਰਕੋਟਲਾ ਪਹੁੰਚੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਕੀਤਾ | ਹਲਕਾ ਅਮਰਗੜ੍ਹਦੇ ਅੰਦਰ ਕਾਂਗਰਸ ਦੀ ਟਿਕਟ ਦੇ ਚਾਹਵਾਨ ਆਗੂਆਂ ਦੀ ਲੰਬੀ ਕਤਾਰ 'ਤੇ ਸਵਾਲ ਦੇ ਜਵਾਬ ਵਿੱਚ ਡਾ. ਅਮਰ ਸਿੰਘ ਨੇ ਆਖਿਆ ਕਿ ਇਹ ਕੋਈ ਮਾਮਲਾ ਵੱਡਾ ਨਹੀਂ ਹੈ, ਸਮਾਂ ਆਉਣ 'ਤੇ ਪਾਰਟੀ ਵੱਲੋਂ ਸਰਵੇ ਅਨੁਸਾਰ ਕਿਸੇ ਵੀ ਯੋਗ ਆਗੂ ਨੂੰ ਟਿਕਟ ਦੇ ਕੇ ਚੋਣ ਲੜਾਈ ਜਾਵੇਗੀ, ਬਾਕੀ ਕਾਂਗਰਸੀ ਆਗੂ ਉਸ ਦੀ ਮਦਦ ਕਰਨਗੇ | ਮੌਜੂਦਾ ਸਮੇਂ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਵਾਲੇ ਆਗੂਆਂ ਦੀ ਗੱਲ ਕਰੀਏ ਤਾਂ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਸੁਮਿਤ ਸਿੰਘ ਮਾਨ ਸਣੇ ਕਰੀਬ ਅੱਧੀ ਦਰਜਨ ਉਮੀਦਵਾਰ ਹਲਕੇ ਅੰਦਰ ਵਿਚਰ ਕੇ ਵੋਟਰਾਂ ਨਾਲ ਆਪਣਾ ਤਾਲਮੇਲ ਕਰਦਿਆਂ ਆਉਣ ਵਾਲੇ 'ਸੰਭਾਵੀ ਸਿਆਸੀ ਭਵਿੱਖ' ਨੂੰ ਤਲਾਸ਼ ਰਹੇ ਪ੍ਰਤੀਤ ਹੁੰਦੇ ਹਨ | ਇਨ੍ਹਾਂ ਆਗੂਆਂ ਤੋਂ ਇਲਾਵਾ ਦੂਸਰੀ ਕਤਾਰ ਦੇ ਵੀ ਕਈ ਆਗੂ ਆਪਣੇ 'ਸਿਆਸੀ ਪਰ' ਹਲਕੇ ਅੰਦਰ ਤੋਲ ਰਹੇ ਹਨ | ਹਲਕਾ ਅਮਰਗੜ੍ਹਤੋਂ ਟਿਕਟ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਵੱਲੋਂ ਮੁਹੰਮਦ ਮੁਸਤਫ਼ਾ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਸਬੰਧੀ ਪੁੱਛੇ ਗਏ ਸਵਾਲ 'ਤੇ ਸਾਂਸਦ ਡਾਕਟਰ ਅਮਰ ਸਿੰਘ ਨੇ ਕੁੱਝ ਵੀ ਕਹਿਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਤਾਂ ਚੱਲਦਾ ਹੀ ਰਹਿੰਦਾ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ, ਮੁੱਖ ਬੁਲਾਰਾ ਮੁਹੰਮਦ ਅਨਵਾਰ ਮਹਿਬੂਬ, ਚੇਅਰਮੈਨ ਕਰਮਜੀਤ ਸਿੰਘ, ਨਿਰਮਲਜੀਤ ਸਿੰਘ ਸਣੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ |