ਅਮਰਗੜ੍ਹ, 22 ਅਪ੍ਰੈਲ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਲੋਕ ਨਿਰਮਾਣ ਵਿਭਾਗ ਵੱਲੋਂ ਲਗਭਗ 9 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਅਮਰਗੜ੍ਹ-ਧੂਰੀ ਸੜਕ ਦੀ ਮੁਰੰਮਤ ਦਾ ਕੰਮ ਵਿਵਾਦਾਂ 'ਚ ਘਿਰ ਗਿਆ ਹੈ | ਠੇਕੇਦਾਰਾਂ ਵੱਲੋਂ ਕਥਿਤ ਤੌਰ ਤੇ ਕੀਤੀ ਜਾ ਰਹੀ ਲਾਪਰਵਾਹੀ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਵਿਭਾਗ ਹਰਕਤ 'ਚ ਆਇਆ | ਇਸ ਸਬੰਧੀ ਨਿਗਰਾਨ ਇੰਜੀਨੀਅਰ ਗੁਰਮੀਤ ਸਿੰਘ ਸਰਾਉਂ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਆਪਣੇ ਦੌਰੇ ਦੌਰਾਨ ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸੜਕ ਨਿਰਮਾਣ ਦੌਰਾਨ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਹਰ ਪੜਾਅ ਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ | ਮੀਡੀਆ ਵੱਲੋਂ ਬਿਨਾਂ ਸਫ਼ਾਈ ਕੀਤੇ ਸੜਕ ਉੱਪਰ ਮਿੱਟੀ ਤੇ ਪ੍ਰੀਮਿਕਸ ਪਾਉਣ ਦੀ ਵੀਡੀਓ ਦਿਖਾਈ ਗਈ, ਜਿਸ 'ਤੇ ਨਿਗਰਾਨ ਇੰਜੀਨੀਅਰ ਨੇ ਇਹ ਕਹਿ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਕਿ ਵੀਡੀਓ 'ਚ ਸਪਸ਼ਟ ਤੌਰ ਤੇ ਕੁੱਝ ਦਿਖਾਈ ਨਹੀਂ ਦੇ ਰਿਹਾ | ਹਾਲਾਂਕਿ, ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਬਿਨਾਂ ਸਫ਼ਾਈ ਕੀਤੇ ਮਿੱਟੀ ਉੱਪਰ ਪ੍ਰੀਮਿਕਸ ਪਾਇਆ ਜਾ ਚੁੱਕਾ ਸੀ | ਮੌਕੇ ਤੇ ਮੌਜੂਦ ਜੇ.ਈ ਬਲਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਢਢੋਗਲ 'ਚ ਪਿੰਡ ਵਾਸੀਆਂ ਵੱਲੋਂ ਸੜਕ ਨੂੰ ਪੁੱਟ ਕੇ ਪਾਈਪ ਲਾਈਨ ਪਾਈ ਗਈ ਸੀ, ਜਿਸ ਕਾਰਨ ਇਸ ਹਿੱਸੇ ਤੇ ਵੈਟ ਮਿਕਸ ਤੇ ਪ੍ਰੀਮਿਕਸ ਪਾਉਣਾ ਪਿਆ | ਨਿਗਰਾਨ ਇੰਜੀਨੀਅਰ ਗੁਰਮੀਤ ਸਿੰਘ ਸਰਾਉਂ ਨੇ ਭਰੋਸਾ ਦਿੱਤਾ ਕਿ ਜਿੱਥੇ ਵੀ ਕੋਈ ਕਮੀ ਪਾਈ ਗਈ, ਉੱਥੇ ਤੁਰੰਤ ਸੁਧਾਰ ਕੀਤਾ ਜਾਵੇਗਾ |