ਮੂਨਕ, 28 ਅਪ੍ਰੈਲ (ਅਜੀਤ ਬਿਊਰੋ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਅੱਗੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ | ਜਿਸ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਬਲਵਿੰਦਰ ਮਨਿਆਣਾ, ਬੰਟੀ ਢੀਂਡਸਾ ਦੱਸਿਆ ਕਿ 26 ਅਪ੍ਰੈਲ ਨੂੰ ਪਿੰਡ ਬੱਲਰਾ ਦੇ ਕਿਸਾਨ ਸੁਖਪਾਲ ਸਿੰਘ ਨੇ ਆਪਣੇ ਆੜ੍ਹਤੀਏ ਦੀ ਫਰਮ ਤੇ ਕਣਕ ਦੀ ਫ਼ਸਲ ਲੈ ਕੇ ਆਇਆ ਜੋ ਬਿਲਕੁਲ ਸੁੱਕੀ ਫ਼ਸਲ ਸੀ | ਜਦੋਂ ਰਾਤ ਦੇ ਸਮੇਂ ਫ਼ਸਲ ਦੀ ਤੁਲਾਈ ਕੀਤੀ ਗਈ ਤਾਂ ਕਿਸਾਨ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਸਰਕਾਰੀ ਭਰਤੀ ਮੁਤਾਬਕ 50 ਕਿੱਲੋ ਦੇ ਵਜ਼ਨ ਤੋਂ ਵੱਧ ਵਜ਼ਨ ਤੋਲਿਆ ਜਾ ਰਿਹਾ ਹੈ | ਅਪਣੀ ਸ਼ੰਕਾ ਨੂੰ ਦੂਰ ਕਰਨ ਲਈ ਉਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਬੱਲਰਾ ਦੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ | ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਥੋਕ ਵਿੱਚ ਲਾਏ ਗੱਟੇ ਚੈੱਕ ਕੀਤੇ ਗਏ ਤਾਂ ਪ੍ਰਤੀ ਗੱਟਾ 900 ਗਰਾਮ ਵੱਧ ਪਾਇਆ ਗਿਆ ਅਤੇ ਮਾਰਕੀਟ ਕਮੇਟੀ ਮੂਨਕ ਦੇ ਸੈਕਟਰੀ ਅਮਨਦੀਪ ਸਿੰਘ ਵੱਲੋਂ ਕਿਸਾਨਾਂ ਨੂੰ ਆੜ੍ਹਤੀ ਤੇ ਸਖ਼ਤ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ | ਕਾਰਵਾਈ ਕਰਨ ਲਈ ਇੱਕ ਦਿਨ ਦਾ ਸਮਾਂ ਮੰਗਿਆ ਗਿਆ ਇੱਕ ਦਿਨ ਬਾਅਦ ਜਦੋਂ ਕਿਸਾਨ ਮਾਰਕੀਟ ਕਮੇਟੀ ਸੈਕਟਰੀ ਨੂੰ ਮਿਲੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਾਨੰੂਨ ਮੁਤਾਬਕ ਕਾਰਵਾਈ ਕਰਨਗੇ ਪਰ ਕਾਰਵਾਈ ਨਾ ਹੁੰਦੀ ਵੇਖ ਕਿਸਾਨਾਂ ਇਸ ਗੱਲ ਦਾ ਰੋਸ ਜ਼ਾਹਿਰ ਕੀਤਾ ਤਾਂ ਪ੍ਰਦਰਸ਼ਨ ਬਾਰੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਨੇ ਸਕੱਤਰ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਰੋਸ ਪ੍ਰਦਰਸ਼ਨ ਨੂੰ ਟਾਲਣ ਲਈ ਆੜ੍ਹਤੀ ਤੇ ਮਾਮੂਲੀ ਕਾਰਵਾਈ ਕਰਦਿਆਂ ਆੜ੍ਹਤੀਏ ਦਾ 7 ਦਿਨਾਂ ਲਈ ਲਾਇਸੈਂਸ ਮੁਅੱਤਲ ਕਰ ਦਿੱਤਾ ਤੇ ਲਗਭਗ ਤਿੰਨ ਹਜ਼ਾਰ ਰੁਪਏ ਜੁਰਮਾਨਾ ਮਾਰਕੀਟ ਕਮੇਟੀ ਦਫ਼ਤਰ ਭਰਨ ਲਈ ਕਿਹਾ | ਖ਼ਫ਼ਾ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੀ ਕਮੇਟੀ ਨਾਲ ਰਾਬਤਾ ਕੀਤਾ ਤਾਂ ਬਲਾਕ ਕਮੇਟੀ ਦੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਮਾਰਕੀਟ ਕਮੇਟੀ ਦਫ਼ਤਰ ਮੂਨਕ ਅੱਗੇ ਅੱਜ ਇੱਕ ਦਿਨ ਦਾ ਸੰਕੇਤਕ ਧਰਨਾ ਦਿੱਤਾ ਗਿਆ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਆੜ੍ਹਤੀਏ ਦਾ ਪੱਕੇ ਤੌਰ 'ਤੇ ਲਾਇਸੈਂਸ ਮੁਅੱਤਲ ਨਾ ਕੀਤਾ ਅਤੇ ਆੜ੍ਹਤੀਏ ਤੇ ਧੋਖਾਧੜੀ ਦਾ ਪੁਲਿਸ ਕੇਸ ਨਾ ਦਰਜ ਕਰਵਾਇਆ ਤਾਂ ਆਉਣ ਵਾਲੇ ਪੰਜ ਦਿਨਾਂ ਤੋਂ ਬਾਅਦ ਮਾਰਕੀਟ ਕਮੇਟੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ | ਕਿਸਾਨ ਨੂੰ ਹਰ ਹਾਲਤ ਇਨਸਾਫ਼ ਦਿਵਾਇਆ ਜਾਵੇਗਾ | ਇਸ ਮੌਕੇ ਬਲਾਕ ਆਗੂ ਰੌਸ਼ਨ ਮੂਨਕ ਕੁਲਦੀਪ ਗੁਲਾੜੀ ਬੱਬੂ ਚੱਠਾ ਰਮੇਸ਼ ਅਣਦਾਣਾ ਨੇ ਵੀ ਸੰਬੋਧਨ ਕੀਤਾ | ਇਸ ਸੰਬੰਧ ਵਿੱਚ ਜਦੋਂ ਮਾਰਕੀਟ ਕਮੇਟੀ ਸਕੱਤਰ ਅਮਨਦੀਪ ਸਿੰਘ ਨਾਲ ਫ਼ੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਆਪਣੇ ਅਧਿਕਾਰ ਅਨੁਸਾਰ ਉਨ੍ਹਾਂ ਕਾਰਵਾਈ ਕਰ ਦਿੱਤੀ ਹੈ ਅਤੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ | ਇਸ ਦੌਰਾਨ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ | ਦੱਸਣਯੋਗ ਹੈ ਕੀ ਕਿਸਾਨਾਂ ਵੱਲੋਂ ਪਹਿਲਾਂ ਵੀ ਮੰਡੀ ਵਿੱਚ ਸਹੂਲਤਾਂ ਦੀ ਕਮੀ ਅਤੇ ਰਾਤ ਸਮੇਂ ਕਣਕ ਚੋਰੀ ਹੋਣ ਬਾਰੇ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਕਿਸਾਨਾਂ ਵਿੱਚ ਗ਼ੁੱਸੇ ਦੀ ਲਹਿਰ ਹੈ |