ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ) - ਕੁੱਲ ਹਿੰਦ ਕਾਂਗਰਸ ਦੇ ਖ਼ਜ਼ਾਨਚੀ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅਕਾਲੀ ਭਾਜਪਾ ਤੋਂ ਖ਼ਫ਼ਾ ਪੰਜਾਬ ਦੇ ਲੋਕਾਂ ਨੇ 2022 ਵਿੱਚ ਇਸ ਕਾਰਨ ਆਪ ਨੰੂ ਫ਼ਤਵਾ ਦਿੱਤਾ ਸੀ ਕਿ ਇਹ ਪਾਰਟੀ ਪੰਜਾਬ ਦੇ ਹਿਤਾਂ ਦੀ ਤਰਜਮਾਨੀ ਕਰੇਗੀ ਪਰ ਅੱਜ ਰਾਜ ਦੇ ਜੋ ਹਾਲਾਤ ਮੌਜੂਦਾ ਸਰਕਾਰ ਨੇ ਬਣਾ ਦਿੱਤੇ ਹਨ ਉਨ੍ਹਾਂ ਨੇ ਪੰਜਾਬੀਆਂ ਦੀ ਸਾਰੀਆਂ ਆਸ਼ਾ ਨੰੂ ਢਹਿ ਢੇਰੀ ਕਰ ਦਿੱਤਾ ਹੈ | ਵਾਰਡ ਨੰ: 25 ਵਿਖੇ ਬੂਥ ਕਮੇਟੀਆਂ ਦੀ ਮੀਟਿੰਗ ਜੋ ਵਾਰਡ ਦੇ ਆਗੂ ਠੇਕੇਦਾਰ ਮਹਿੰਦਰਪਾਲ ਸਿੰਘ ਭੋਲਾ, ਦਲਜੀਤ ਸਿੰਘ ਮਾਨ ਅਤੇ ਬਲਾਕ ਪ੍ਰਧਾਨ ਰੌਕੀ ਬਾਂਸਲ ਦੀ ਰਹਿਨੁਮਾਈ ਹੇਠ ਬੁਲਾਈ ਗਈ ਸੀ, ਨੰੂ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਕੋਲ ਆਸ ਦੀ ਕਿਰਨ ਕੇਵਲ ਕਾਂਗਰਸ ਪਾਰਟੀ ਹੀ ਹੈ ਅਤੇ ਜੋ ਰੁਝਾਨ ਲੋਕਾਂ ਦਾ ਦੇਖਣ ਨੰੂ ਮਿਲ ਰਿਹਾ ਹੈ ਉਸ ਤੋਂ 2027 ਵਿੱਚ ਕਾਂਗਰਸ ਦੀ ਵੱਡੀ ਜਿੱਤ ਯਕੀਨੀ ਬਨਾਉਣ ਦੇ ਸੰਕੇਤ ਦੇ ਰਹੀ ਹੈ | ਉਨ੍ਹਾਂ ਬੂਥ ਪੱਧਰ ਉੱਤੇ ਕਾਂਗਰਸੀ ਆਗੂਆਂ ਨੰੂ ਜਥੇਬੰਦਕ ਹੋ ਕੇ ਪਹਿਰਾ ਦੇਣ ਦੀ ਤਾਕੀਦ ਕਰਦਿਆਂ ਕਿਹਾ ਕਿ ਹਰ ਬੂਥ ਉੱਤੇ ਪੰਨਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ ਜੋ ਹਰ ਵੋਟਰ ਦੀ ਵੋਟ ਨੰੂ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਭੁਗਤਾਉਣ ਲਈ ਪੂਰੀ ਵਾਹ ਲਗਾਏਗਾ | ਬਲਾਕ ਪ੍ਰਧਾਨ ਰੌਕੀ ਬਾਂਸਲ ਨੇ ਸਿੰਗਲਾ ਨੰੂ ਭਰੋਸਾ ਦਿੱਤਾ ਕਿ ਕਾਂਗਰਸ ਦੀ ਵੱਡੀ ਜਿੱਤ ਯਕੀਨੀ ਬਨਾਉਣ ਲਈ ਹਰ ਕਾਂਗਰਸ ਵਰਕਰ ਪੂਰੀ ਵਾਹ ਲਗਾ ਦੇਵੇਗਾ | ਇਸ ਮੌਕੇ ਅਭਿਸ਼ੇਕ ਰਾਵਤ, ਕੌਂਸਲਰ ਨੱਥੂ ਲਾਲ ਢੀਂਗਰਾ, ਸਾਬਕਾ ਚੇਅਰਮੈਨ ਨਰੇਸ਼ ਗਾਬਾ, ਕੌਂਸਲਰ ਜੋਤੀ ਗਾਬਾ, ਚਮਕੌਰ ਸਿੰਘ ਜੱਸੀ, ਭੁਪਿੰਦਰ ਸ਼ਰਮਾ, ਸਾਬਕਾ ਇੰਸਪੈਕਟਰ ਬਲਕਾਰ ਸਿੰਘ, ਡਾਕਟਰ ਬਲਜੀਤ ਸਿੰਘ, ਠੇਕੇਦਾਰ ਮਹਿੰਦਰਪਾਲ ਸਿੰਘ ਭੋਲਾ ਹਾਜ਼ਰ ਸਨ |