ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਪੁਲਿਸ ਨੇ 5 ਲੱਖ 20 ਹਜਾਰ ਰੁਪਏ ਦੀ ਹੋਈ ਚੋਰੀ ਦੀ ਨਗਦੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਐਸ.ਐਚ.ਓ. ਸਿਟੀ ਇੰਸਪੈਕਟਰ ਗੁਲਾਬ ਸਿੰਘ ਨੇ ਦੱਸਿਆ ਕਿ 30 ਅਤੇ 1 ਮਈ ਦੀ ਦਰਮਿਆਨੀ ਰਾਤ ਨੂੰ ਗਊਸ਼ਾਲਾ ਰੋਡ ਉੱਤੇ ਸਥਿਤ ਬੈਟਰੀਆਂ ਦੀ ਦੁਕਾਨ ਵਿਚੋਂ 5 ਲੱਖ 20 ਹਜਾਰ ਦੀ ਨਗਦੀ ਚੋਰੀ ਹੋਈ ਸੀ | ਦੁਕਾਨ ਮਾਲਕ ਮਹੇਸ਼ ਕੁਮਾਰ ਪੁੱਤਰ ਦੁਰਗਾ ਪ੍ਰਸਾਦ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਚੋਰੀ ਦੀ ਘਟਨਾ ਪਿੱਛੇ ਆਪਣੇ ਦੁਕਾਨ ਦੇ ਵਰਕਰ ਸੋਨੂ ਵਾਸੀ ਸ਼ੇਖ਼ੂਪੁਰਾ ਬਸਤੀ ਉੱਪਰ ਸ਼ੱਕ ਪ੍ਰਗਟਾਇਆ ਸੀ | ਥਾਣਾ ਸਿਟੀ ਸੰਗਰੂਰ ਵਿਖੇ ਚੋਰੀ ਨੂੰ ਲੈ ਕੇ 2 ਮਈ ਵਾਲੇ ਦਿਨ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ | ਇੰਸਪੈਕਟਰ ਗੁਲਾਬ ਸਿੰਘ ਨੇ ਦੱਸਿਆ ਕਿ ਦੁਕਾਨ ਦੀ ਸੀ.ਸੀ.ਟੀਵੀ ਕੈਮਰਿਆਂ ਅਤੇ ਹੋਰ ਵੱਖ-ਵੱਖ ਦਿ੍ਸ਼ਟੀਕੋਨਾ ਤੋਂ ਬਾਅਦ ਜਦ ਸੋਨੂ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਚੋਰੀ ਦੀ ਰਕਮ ਉਸ ਦੇ ਘਰ ਵਿਚ ਇੱਕ ਪੁਰਾਣੇ ਟੀ.ਵੀ ਬਕਸੇ ਅੰਦਰ ਪਈ ਹੈ | ਪੁਲਿਸ ਨੇ ਚੋਰੀ ਦੀ ਰਕਮ ਬਰਾਮਦ ਕਰਦਿਆਂ ਸੋਨੂ ਨਾਮ ਦੇ ਵਿਅਕਤੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ | ਸੋਨੂ ਜੋ ਦੁਕਾਨ ਦਾ ਪੁਰਾਣਾ ਵਰਕਰ ਸੀ, ਨੂੰ ਦੁਕਾਨ ਵਿਚ ਪਏ ਹਰ ਸਮਾਨ ਦੀ ਪੂਰੀ ਜਾਣਕਾਰੀ ਰਹਿੰਦੀ ਸੀ | 5 ਲੱਖ 20 ਹਜਾਰ ਰੁਪਏ ਦੀ ਰਕਮ ਦੁਕਾਨ ਵਿਚ ਇੰਨੀ ਜ਼ਿਆਦਾ ਮਾਤਰਾ ਵਿਚ ਰੱਖਣ ਸਬੰਧੀ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਇਹ ਪੇਮੈਂਟ ਅਗਲੇ ਦਿਨ ਕਿਸੇ ਪਾਰਟੀ ਨੂੰ ਦਿੱਤੀ ਜਾਣੀ ਸੀ ਜਿਸ ਕਾਰਨ ਇਹ ਰਕਮ ਦੁਕਾਨ ਵਿਚ ਹੀ ਪਈ ਸੀ | ਇੰਸਪੈਕਟਰ ਗੁਲਾਬ ਸਿੰਘ ਨੇ ਦੱਸਿਆ ਕਿ ਚੋਰੀ ਦੀ ਇੰਨੀ ਵੱਡੀ ਰਕਮ ਬਰਾਮਦ ਕਰਨਾ ਪੁਲਿਸ ਦੀ ਵੱਡੀ ਉਪਲਬਧੀ ਹੈ ਅਤੇ ਸਬੰਧਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਦਿਆਂ ਉਸ ਦਾ ਪੁਲਿਸ ਰਿਮਾਂਡ ਮੰਗਿਆ ਜਾਵੇਗਾ |