ਛਾਜਲੀ ਨਜ਼ਦੀਕ ਸਰਕਾਰੀ ਗੋਦਾਮ 'ਚ ਕਣਕ ਸੰਭਾਲ ਦੇ ਨਾਂਅ ਹੇਠ ਘੁਟਾਲੇ ਦੇ ਦੋਸ਼-ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ
ਅਜੀਤ ਡੈਸਕ
05-05-2026
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜਿਸ ਕਮਿਸ਼ਨ ਏਜੰਟ ਦਾ ਇਹ ਗੁਦਾਮ ਹੈ ਉਸ ਤੋਂ ਰਿਕਾਰਡ ਮੰਗਵਾ ਕਿ ਚੈੱਕ ਕੀਤਾ ਜਾਵੇਗਾ ਜਾਂ ਜੇਕਰ ਗੜਬੜ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਜੋ ਗੁਦਾਮ ਵਿਚ ਬਿਨਾਂ ਮਨਜ਼ੂਰੀ ਦੇ ਫੜ ਬਣਾ ਕੇ ਕਣਕ ਸੁਟਵਾਈ ਗਈ ਹੈ ਉਸ ਸਬੰਧੀ ਵੀ ਕਾਰਵਾਈ ਕੀਤੀ ਜਾਵੇਗੀ |
ਇਸ ਮਾਮਲੇ ਸਬੰਧੀ ਜਦੋਂ ਖ਼ਰੀਦ ਅਧਿਕਾਰੀ ਮੋਹਿਤ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਚੈਕਿੰਗ ਕੀਤੀ ਗਈ ਹੈ ਅਤੇ ਮੌਕੇ 'ਤੇ ਮਿਲਿਆ ਮਾਲ ਲੋਕਲ ਦੱਸਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿੱਥੇ ਗੋਦਾਮਾਂ ਵਿਚ ਲੋਡਿੰਗ ਹੋ ਰਹੀ ਹੈ, ਉਹ ਪ੍ਰਕਿਰਿਆ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਸਾਬਤ ਨਹੀਂ ਹੋਈ | ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਪੱਖ ਵਲੋਂ ਇਤਰਾਜ਼ ਹੈ ਤਾਂ ਉਹ ਆਪਣੇ ਦੋਸ਼ਾਂ ਸਬੰਧੀ ਲਿਖਤੀ ਰੂਪ ਵਿਚ ਜਾਣਕਾਰੀ ਦੇਣ, ਤਾਂ ਜੋ ਉਸ ਦੀ ਜਾਂਚ ਕੀਤੀ ਜਾ ਸਕੇ | ਇੱਥੇ ਇਹ ਦੱਸਣਯੋਗ ਹੈ ਕਿ ਸਬੰਧਤ ਅਧਿਕਾਰੀ ਕਾਰਵਾਈ ਕਰਨ ਦੀ ਬਜਾਏ ਮਾਮਲੇ 'ਚ ਸਬੂਤਾਂ ਦੇ ਖ਼ਤਮ ਹੋਣ ਦਾ ਇੰਤਜ਼ਾਰ ਕਰਦੇ ਰਹੇ | ਇਸ ਸਬੰਧੀ ਜਦੋਂ ਮੌਜੂਦਾ ਖ਼ੁਰਾਕ ਸਪਲਾਈ ਵਿਭਾਗ ਦੇ ਸਬੰਧਤ ਇੰਸਪੈਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਫ਼ੋਨ ਉਠਾਉਣਾ ਵੀ ਮੁਨਾਸਬ ਨਹੀਂ ਸਮਝਿਆ ਗਿਆ | ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ |
ਕਿਸਾਨ ਜਥੇਬੰਦੀਆਂ ਦਾ ਵਿਰੋਧ ਤੇ ਚੇਤਾਵਨੀ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਸੰਤ ਰਾਮ ਸਿੰਘ ਛਾਜਲੀ ਨੇ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਬਾਹਰਲੇ ਰਾਜਾਂ ਤੋਂ ਘੱਟ ਰੇਟ 'ਤੇ ਕਣਕ ਖ਼ਰੀਦ ਕੇ ਪੰਜਾਬ ਵਿਚ ਸਰਕਾਰੀ ਰੇਟ 'ਤੇ ਵੇਚੀ ਜਾ ਰਹੀ ਹੈ, ਜਿਸ ਨਾਲ ਸਥਾਨਕ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿਚ ਬਾਹਰਲੇ ਸੂਬਿਆਂ ਦੀ ਕਣਕ ਪੰਜਾਬ ਵਿਚ ਆ ਰਹੀ ਹੈ ਅਤੇ ਗੋਦਾਮਾਂ ਵਿਚ ਸਟੋਰ ਕੀਤੀ ਜਾ ਰਹੀ ਹੈ | ਸੰਤ ਰਾਮ ਨੇ ਵਪਾਰੀਆਂ ਅਤੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਮਾਮਲੇ ਦੀ ਤੁਰੰਤ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਕਿਸਾਨਾਂ 'ਤੇ ਪਵੇਗਾ ਸਿੱਧਾ ਅਸਰ ਮਾ. ਛਾਜਲਾ
ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਸਕੱਤਰ ਅਤੇ ਸੀਨੀਅਰ ਆਗੂ ਮਾਸਟਰ ਰਣਜੀਤ ਸਿੰਘ ਛਾਜਲਾ ਅਤੇ ਜਥੇਬੰਦਕ ਸਕੱਤਰ ਮਾਸਟਰ ਦਰਬਾਰਾ ਸਿੰਘ ਨੇ ਕਿਹਾ ਕਿ ਬਾਹਰੀ ਰਾਜਾਂ ਤੋਂ ਕਣਕ ਲਿਆ ਕੇ ਸਰਕਾਰੀ ਗੁਦਾਮਾਂ ਵਿਚ ਸਟੋਰ ਕਰਨਾ ਬਿਲਕੁਲ ਗਲਤ ਪ੍ਰਕਿਰਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਨਾਲ ਸਥਾਨਕ ਕਿਸਾਨਾਂ ਦੇ ਹੱਕਾਂ 'ਤੇ ਸਿੱਧਾ ਅਸਰ ਪੈ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ |