ਸ਼ੇਰਪੁਰ, 23 ਮਈ (ਮੇਘ ਰਾਜ ਜੋਸੀ) - ਇਲਾਕੇ ਦੇ ਪ੍ਰਸਿੱਧ ਸਮਾਜਸੇਵੀ ਅਤੇ ਪੈਨਸ਼ਨਰਜ਼ ਯੂਨੀਅਨ ਨਾਲ ਜੁੜੇ ਆਗੂ ਪੰਡਤ ਭੋਲਾ ਰਾਮ ਫ਼ੌਜੀ ਵਾਸੀ ਗੁੰਮਟੀ ਦਾ ਕੁਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ | ਪੰਡਤ ਭੋਲਾ ਰਾਮ ਫ਼ੌਜੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਚਮਕੌਰ ਸਿੰਘ ਕੁੱਬੜਵਾਲ ਦੇ ਸਹੁਰਾ ਸਨ | ਉਹ ਆਪਣੇ ਮਿਲਣਸਾਰ ਸੁਭਾਅ, ਸਮਾਜ ਸੇਵਾ ਅਤੇ ਲੋਕ ਹਿਤਾਂ ਲਈ ਹਮੇਸ਼ਾ ਅੱਗੇ ਰਹਿਣ ਕਰਕੇ ਇਲਾਕੇ ਵਿੱਚ ਖ਼ਾਸ ਮਾਣ-ਸਨਮਾਨ ਰੱਖਦੇ ਸਨ | ਉਨ੍ਹਾਂ ਦੇ ਦਿਹਾਂਤ 'ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਧੂਰੀ, ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਜ਼ਿਲ੍ਹਾ ਮੰਡੀ ਅਫ਼ਸਰ ਡੀਨਪਾਲ ਸਿੰਘ ਅਤੇ ਸਮੂਹ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਟਾਫ਼ ਸਮੇਤ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |