ਸੁਨਾਮ ਊਧਮ ਸਿੰਘ ਵਾਲਾ, 24 ਮਈ (ਭੁੱਲਰ, ਧਾਲੀਵਾਲ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਾਂਝੀ ਮੀਟਿੰਗ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗਗਨਦੀਪ ਸਿੰਘ ਸੁਨਾਮ, ਗੁਰਵਿੰਦਰ ਸਿੰਘ ਧਾਲੀਵਾਲ ਅਤੇ ਮੁਖਤਿਆਰ ਸਿੰਘ ਕਾਂਝਲਾ ਦੀ ਸੰਯੁਕਤ ਅਗਵਾਈ ਵਿਚ ਸਥਾਨਕ ਸੀਵਰੇਜ ਟਰੀਟਮੈਂਟ ਪਲਾਂਟ ਵਿਖੇ ਹੋਈ | ਜਿਸ 'ਚ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦੀ ਰਣਨੀਤੀ ਤਿਆਰ ਕਰਨ ਲਈ ਵਿਚਾਰ ਚਰਚਾ ਕੀਤੀ ਗਈ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਬ ਕਮੇਟੀ ਵਲੋਂ 19 ਮਈ ਦੀ ਮੀਟਿੰਗ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਬਹਾਨਾ ਲਾਕੇ ਰੱਦ ਕਰ ਦਿੱਤੀ ਗਈ ਹੈ | ਜਿਸ ਤੋਂ ਬਾਅਦ ਸੂਬਾ ਕਮੇਟੀ ਨੇ ਚੋਣ ਜ਼ਾਬਤੇ ਕਾਰਨ 23 ਮਈ ਦਾ ਪ੍ਰੋਗਰਾਮ ਮੁਲਤਵੀ ਕਰ ਕੇ 28 ਮਈ ਨੂੰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੜਤਾਲ ਦੌਰਾਨ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਦਫ਼ਤਰ ਦਾ ਘਿਰਾਓ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵਿਭਾਗ ਤੇ ਪੰਜਾਬ ਸਰਕਾਰ ਤੇ ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ ਅਤੇ ਗਰੇਟਸ ਰਾਹੀਂ ਰੱਖੇ ਸਮੂਹ ਮੁਲਾਜ਼ਮਾਂ ਨੂੰ ਵਿਭਾਗ 'ਚ ਮਰਜ਼ ਕਰਕੇ ਸਾਰੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ | ਇਹ ਸਾਰੇ ਮੁਲਜ਼ਮ ਪੱਕੇ ਤੌਰ 'ਤੇ ਹੜਤਾਲ ਕਰਕੇ ਧਰਨੇ ਵਿੱਚ ਆਉਣਗੇ ਜਿਸ ਕਾਰਨ ਲੋਕਾਂ ਨੂੰ ਕੁੱਝ ਪ੍ਰੇਸ਼ਾਨੀ ਆ ਸਕਦੀ ਹੈ ਜਿਸ ਕਾਰਨ ਉਹ ਲੋਕਾਂ ਤੋਂ ਮੁਆਫ਼ੀ ਮੰਗਦੇ ਹਨ | ਇਸ ਮੌਕੇ ਯਾਦਵਿੰਦਰ ਸਿੰਘ ਯਾਦੀ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਭੀਖੀ, ਪ੍ਰਮੋਦ ਕੁਮਾਰ ਖਨੌਰੀ, ਗੁਰਜੰਟ ਸਿੰਘ ਉਗਰਾਹਾਂ, ਗਗਨਦੀਪ ਸ਼ਰਮਾ ਸੁਨਾਮ, ਮਹਿੰਦਰ ਸਿੰਘ ਸੰਗਰੂਰ, ਰਿੰਕੂ ਸ਼ਰਮਾ, ਸੰਦੀਪ ਸਿੰਘ, ਜਗਪ੍ਰੀਤ ਸਿੰਘ, ਬਲਦੇਵ ਗਿਰ, ਜਗਦੀਪ ਸਿੰਘ ਵਿਸ਼ਾਲ ਗਰਗ, ਦੀਪੂ ਸੁਨਾਮ, ਹਰਦੇਵ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ ਸੁਨਾਮ ਸਿਆਮ ਸਿੰਘ ਅਤੇ ਗੁਰਬਿੰਦਰ ਸਿੰਘ ਆਦਿ ਮੌਜੂਦ ਸਨ |