ਭਵਾਨੀਗੜ੍ਹ, 24 ਮਈ (ਚੌਧਰੀ ਨੰਦ ਲਾਲ ਗਾਂਧੀ) - ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਦਾ ਸਿਆਸੀ ਪਾਰਾ ਉਸ ਸਮੇਂ ਅਸਮਾਨੀਂ ਚੜ੍ਹ ਗਿਆ, ਜਦੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੋਣ ਮੈਦਾਨ ਵਿੱਚ ਖ਼ੁਦ ਕਮਾਨ ਸੰਭਾਲਦਿਆਂ ਵੱਖ-ਵੱਖ ਵਾਰਡਾਂ ਵਿੱਚ ਤੂਫ਼ਾਨੀ ਦੌਰਾ ਕੀਤਾ | ਵਿੱਤ ਮੰਤਰੀ ਦੇ ਇਨ੍ਹਾਂ ਚੋਣ ਪ੍ਰੋਗਰਾਮਾਂ ਵਿੱਚ ਜਿਸ ਤਰ੍ਹਾਂ ਜਨ-ਸੈਲਾਬ ਉਮੜਿਆ, ਉਸ ਨੇ ਵਿਰੋਧੀ ਖੇਮਿਆਂ ਵਿੱਚ ਹਲਚਲ ਮਚਾ ਦਿੱਤੀ ਹੈ | ਅੱਜ ਸਾਰੇ ਚੋਣ ਪ੍ਰੋਗਰਾਮ ਭਾਰੀ ਉਤਸ਼ਾਹ ਨਾਲ ਸਫਲਤਾਪੂਰਵਕ ਸੰਪੰਨ ਹੋ ਗਏ, ਜਿਸ ਨੇ 'ਆਪ' ਦੀ ਮੁਹਿੰਮ ਨੂੰ ਇੱਕ ਅਜਿਹੀ ਹਵਾ ਦੇ ਦਿੱਤੀ ਹੈ, ਜਿਸ ਨੂੰ ਰੋਕਣਾ ਹੁਣ ਵਿਰੋਧੀਆਂ ਦੇ ਵੱਸ ਦੀ ਗੱਲ ਨਹੀਂ ਜਾਪਦੀ | ਇਸ ਸਿਆਸੀ ਹਲਚਲ ਅਤੇ ਇਤਿਹਾਸਕ ਇਕੱਠਾਂ ਬਾਰੇ ਵਿਸਥਾਰਪੂਰਵਕ ਬੋਲਦਿਆਂ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ | ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਦੇ ਇਸ ਬੇਮਿਸਾਲ ਉਤਸ਼ਾਹ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭਵਾਨੀਗੜ੍ਹ ਦੇ ਵਿਕਾਸ ਲਈ ਲੋਕ ਇੱਕਜੁੱਟ ਹੋ ਚੁੱਕੇ ਹਨ |