ਸੰਗਰੂਰ, 28 ਮਈ (ਦਮਨਜੀਤ ਸਿੰਘ) - ਸੰਗਰੂਰ ਦੀ ਸੁਨਾਮ ਰੋਡ ਵਿਖੇ ਪਿਛਲੇ ਕਈ ਦਿਨਾਂ ਤੋਂ ਹਥਿਆਰਾਂ ਦੀ ਨੋਕ 'ਤੇ ਲੋਕਾਂ ਨੂੰ ਲੁੱਟਣ ਵਾਲੇ ਸਰਗਰਮ ਗਰੋਹ ਨੂੰ ਸੰਗਰੂਰ ਪੁਲਿਸ ਵਲੋਂ ਵਾਰਦਾਤਾਂ ਮੌਕੇ ਵਰਤੇ ਗਏ ਹਥਿਆਰ, ਮੋਬਾਈਲ ਫ਼ੋਨ ਅਤੇ ਨਕਦੀ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਐਸ.ਪੀ. (ਡੀ) ਦਵਿੰਦਰ ਅੱਤਰੀ ਨੇ ਦੱਸਿਆ ਕਿ 25 ਮਈ ਨੂੰ ਅਮਿਤ ਕੁਮਾਰ ਵਾਸੀ ਸੰਗਰੂਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਸੁਨਾਮ ਤੋਂ ਸੰਗਰੂਰ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਸੁਨਾਮ ਰੋਡ ਸਥਿਤ ਫੋਕਲ ਪੁਆਇੰਟ ਸੰਗਰੂਰ ਨੇੜੇ ਉਸ ਦੇ ਪਿੱਛੋਂ 3 ਨਾਮਾਲੂਮ ਨੌਜਵਾਨ ਮੋਟਰਸਾਈਕਲ 'ਤੇ ਆਏ, ਜਿਨ੍ਹਾਂ ਨੇ ਆਪਣੇ ਮੂੰਹ ਪਰਨਿਆਂ ਨਾਲ ਬੰਨ੍ਹੇ ਹੋਏ ਸਨ | ਇਨ੍ਹਾਂ ਨੌਜਵਾਨਾਂ ਨੇ ਅਮਿਤ ਕੁਮਾਰ ਨੂੰ ਘੇਰ ਕੇ ਉਸ ਦੀ ਗਰਦਨ 'ਤੇ ਲੋਹੇ ਦਾ ਦਾਤ ਰੱਖ ਲਿਆ ਅਤੇ ਜੇਬ 'ਚੋਂ ਝਪਟ ਮਾਰ ਕੇ ਉਸ ਦਾ ਮੋਬਾਈਲ ਫ਼ੋਨ ਅਤੇ 6500 ਰੁਪਏ ਨਕਦੀ ਖੋਹ ਕੇ ਲੈ ਗਏ | ਅਮਿਤ ਕੁਮਾਰ ਦੇ ਬਿਆਨਾਂ 'ਤੇ ਥਾਣਾ ਸਿਟੀ-1 ਸੰਗਰੂਰ ਵਿਖੇ ਮਾਮਲਾ ਦਰਜ ਕਰ ਕੇ ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੀਪ ਸਿੰਘ ਦੀਆਂ ਟੀਮਾਂ ਬਣਾ ਕੇ ਤਫ਼ਤੀਸ਼ ਆਰੰਭੀ ਗਈ | ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ 26 ਮਈ ਨੂੰ ਪਿ੍ਤਪਾਲ ਸਿੰਘ ਨੋਨਾ ਵਾਸੀ ਹਰੇੜੀ ਰੋਡ ਸੰਗਰੂਰ, ਗੁਰਦੀਪ ਸਿੰਘ ਬਿੰਦਰ ਵਾਸੀ ਮਹਿਲਾਂ, ਬਲਜਿੰਦਰ ਸਿੰਘ ਵਾਸੀ ਮਹਿਲਾਂ, ਬੌਬੀ ਸਿੰਘ ਵਾਸੀ ਰਿਸ਼ੀ ਪਬਲਿਕ ਸਕੂਲ ਸੰਗਰੂਰ ਨੂੰ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ ਅਤੇ 27 ਮਈ ਨੂੰ ਮਨਦੀਪ ਸਿੰਘ ਨਿੱਕੂ ਵਾਸੀ ਪ੍ਰੇਮ ਬਸਤੀ ਸੰਗਰੂਰ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕਰਦਿਆਂ ਗਿ੍ਫ਼ਤਾਰ ਕੀਤਾ ਗਿਆ | ਐਸ.ਪੀ. ਅੱਤਰੀ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਪਾਸੋਂ ਵਾਰਦਾਤ ਮੌਕੇ ਵਰਤਿਆ ਗਿਆ ਮੋਟਰਸਾਈਕਲ, ਲੋਹੇ ਦਾ ਦਾਤ, ਖੋਹ ਕੀਤੇ ਮੋਬਾਈਲ ਫ਼ੋਨ ਅਤੇ 2650 ਰੁਪਏ ਨਕਦੀ ਬਰਾਮਦ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਿ੍ਫ਼ਤਾਰ ਕੀਤੇ ਗਏ ਪਿ੍ਤਪਾਲ ਸਿੰਘ ਨੋਨਾ ਅਤੇ ਮਨਦੀਪ ਸਿੰਘ ਨਿੱਕੂ ਨੇ ਨਛੱਤਰ ਸਿੰਘ ਵਾਸੀ ਨੱਤ ਪਾਸੋਂ ਉਸ ਦਾ ਮੋਟਰਸਾਈਕਲ, ਮੋਬਾਈਲ ਫ਼ੋਨ ਅਤੇ 1 ਹਜਾਰ ਰੁਪਏ ਨਕਦੀ ਖੋਹ ਕੀਤੇ ਸਨ, ਜਿਸ ਸੰਬੰਧੀ ਵੀ ਮੁਕੱਦਮਾ ਥਾਣਾ ਸਿਟੀ-1 ਸੰਗਰੂਰ ਵਿਖੇ ਦਰਜ ਹੋਇਆ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਇਹ ਵੀ ਮੰਨਿਆ ਕਿ ਅਮਿਤ ਕੁਮਾਰ ਦੀ ਲੁੱਟ-ਖੋਹ ਕਰਨ ਸਮੇਂ ਉਨ੍ਹਾਂ ਵੱਲੋਂ ਇਹੀ ਚੋਰੀਸ਼ੁਦਾ ਮੋਟਰਸਾਈਕਲ ਵਰਤਿਆ ਗਿਆ ਸੀ | ਐਸ.ਪੀ. ਅੱਤਰੀ ਨੇ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਕੁੱਝ ਦਿਨ ਪਹਿਲਾਂ ਆਪਣਾ ਇਲਾਜ ਕਰਵਾਉਣ ਲਈ ਕੈਂਸਰ ਹਸਪਤਾਲ ਸੰਗਰੂਰ ਜਾ ਰਹੇ ਇੱਕ ਕੈਂਸਰ ਮਰੀਜ਼ ਨੂੰ ਵੀ ਰੇਲਵੇ ਸਟੇਸ਼ਨ ਸੰਗਰੂਰ ਨੇੜੇ ਆਪਣਾ ਨਿਸ਼ਾਨਾ ਬਣਾ ਕੇ ਉਸ ਪਾਸੋਂ ਚਾਰ-ਪੰਜ ਹਜਾਰ ਰੁਪਏ ਦੀ ਨਕਦੀ ਖੋਹੀ ਗਈ ਸੀ | ਉਨ੍ਹਾਂ ਕਿਹਾ ਕਿ ਸੁਨਾਮ ਰੋਡ 'ਤੇ ਲੁੱਟਾਂ-ਖੋਹਾਂ ਕਰ ਕੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਵਾਲੇ ਇਸ ਗਿਰੋਹ ਦੇ ਕਾਬੂ ਆਉਣ ਨਾਲ ਮਾੜੀਆਂ ਵਾਰਦਾਤਾਂ ਉੱਤੇ ਬਹੁਤ ਹੱਦ ਤੱਕ ਲਗਾਮ ਲੱਗੇਗੀ | ਇਸ ਮੌਕੇ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ, ਥਾਣਾ ਸਿਟੀ-1 ਮੁਖੀ ਇੰਸਪੈਕਟਰ ਸੁਖਦੀਪ ਸਿੰਘ, ਥਾਣਾ ਸਦਰ ਮੁਖੀ ਥਾਣੇਦਾਰ ਅਵਤਾਰ ਸਿੰਘ, ਥਾਣੇਦਾਰ ਜਸਵਿੰਦਰ ਸਿੰਘ ਅਤੇ ਰੀਡਰ ਸਿਮਰਨਜੀਤ ਸਿੰਘ ਵੀ ਮੌਜੂਦ ਸਨ |