ਲੌਂਗੋਵਾਲ, 30 ਮਈ (ਵਿਨੋਦ, ਖੰਨਾ) ਨਗਰ ਕੌਂਸਲ ਲੌਂਗੋਵਾਲ ਦੀਆਂ ਚੋਣਾਂ ਦੇ 65 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਜੋਗੀ ਨਾਥਾਂ ਦੀ ਨੂੰਹ ਕੌਂਸਲਰ ਚੁਣੀ ਗਈ ਹੈ | ਸਲਾਇਟ ਵਿਖੇ ਉਸ ਦੇ ਜਿੱਤਣ ਦੀ ਖ਼ਬਰ ਸੁਣਦਿਆਂ ਹੀ ਸੈਂਕੜੇ ਜੋਗੀ ਨਾਥ ਖ਼ੁਸ਼ੀ ਮਨਾਉਣ ਲੱਗੇ | ਵਾਰਡ ਨੰਬਰ 15 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੰਨੋ ਦੇਵੀ ਪਤਨੀ ਰਵੀ ਨਾਥ ਨੂੰ ਪਹਿਲੀ ਵਾਰ ਟਿਕਟ ਦੇ ਕੇ ਤੱਕੜੀ ਚੋਣ ਨਿਸ਼ਾਨ 'ਤੇ ਚੋਣ ਮੈਦਾਨ ਉਤਾਰਿਆ ਗਿਆ ਸੀ | ਜਿਸ ਦੌਰਾਨ ਉਸ ਨੇ 240 ਵੋਟਾਂ ਹਾਸਿਲ ਕਰ ਕੇ ਆਪਣੀ ਜਿੱਤ ਦਰਜ ਕਰਵਾਈ | ਜਦਕਿ ਆਪ ਉਮੀਦਵਾਰ ਬੱਬੀ ਕੌਰ ਨੂੰ 206, ਅਮਨਦੀਪ ਕੌਰ ਪਤਨੀ ਕੌਰ ਸਿੰਘ ਨੂੰ 145 ਅਤੇ ਗੁਰਤੇਜ ਕੌਰ ਨੂੰ 24 ਵੋਟਾਂ ਮਿਲੀਆਂ | ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਆਪਣੇ ਸਮਰਥਨ ਨਾਲ 10 ਵਾਰਡਾਂ 'ਚ ਆਪਣੇ ਉਮੀਦਵਾਰ ਉਤਾਰੇ ਸਨ, ਪ੍ਰੰਤੂ ਸਫਲਤਾ ਸਿਰਫ਼ ਇਸੇ ਸੀਟ 'ਤੇ ਮਿਲੀ | ਇਸ ਮੌਕੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਲੱਲੀ ਸੂਬਾ ਡੈਲੀਗੇਟ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਪਾਰਟੀ ਨੇ ਨਾਥਾਂ ਨੂੰ ਟਿਕਟ ਨਹੀਂ ਦਿੱਤੀ | ਸ਼੍ਰੋਮਣੀ ਅਕਾਲੀ ਦਲ ਨੇ ਪਹਿਲਕਦਮੀ ਕਰ ਕੇ ਜੋਗੀ ਨਾਥਾ ਨੂੰ ਕੌਂਸਲਰ ਬਣਨ ਦਾ ਮੌਕਾ ਦਿੱਤਾ ਹੈ | ਇਸ ਮੌਕੇ ਜੋਗੀ ਨਾਥਾਂ ਦੇ ਕਬੀਲੇ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ | ਇਸ ਵਾਰਡ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਬਡਰੁੱਖਾਂ ਨੇ ਉਚੇਚਾ ਧਿਆਨ ਦਿੱਤਾ |