ਸੰਗਰੂਰ, 31 ਮਈ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸੰਗਰੂਰ 'ਚ ਧੂਰੀ, ਸੁਨਾਮ, ਲੌਂਗੋਵਾਲ ਅਤੇ ਭਵਾਨੀਗੜ੍ਹ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਾਗੋ ਬਾਗ ਹਨ | ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ, ਜ਼ਿਲ੍ਹਾ ਪਰੀਸ਼ਦ ਸੰਗਰੂਰ ਦੇ ਚੇਅਰਮੈਨ ਰਛਪਾਲ ਸਿੰਘ ਭੁੱਲਰਹੇੜੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲੇ੍ਹ 'ਚ ਚਾਰੇ ਥਾਵਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਹਨ | ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ 'ਆਪ' ਆਗੂਆਂ ਨੇ ਕਿਹਾ ਕਿ ਸੂਝਵਾਨ ਵੋਟਰਾਂ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਵਾਸੀਆਂ ਦੀ ਸੇਵਾ ਕਰ ਰਹੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਗਾ ਦਿੱਤੀ ਹੈ | ਆਪ ਆਗੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2027 'ਚ ਵੀ ਲੋਕ ਆਪਣਾ ਫ਼ਤਵਾ ਮੁੜ ਆਮ ਆਦਮੀ ਪਾਰਟੀ ਦੇ ਹੱਕ 'ਚ ਦੇਣਗੇ |