ਧੂਰੀ, 15 ਜੂਨ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਪਿਛਲੇ ਸੱਤ ਦਿਨਾਂ ਤੋਂ ਅੱਤ ਦੀ ਗਰਮੀ, ਮੀਂਹ ਹਨੇਰੀ ਅਤੇ ਝੱਖੜ ਝੱਲ ਕੇ ਧੂਰੀ ਦੇ ਬੀ.ਐਸ. ਐਨ. ਐਲ. ਟਾਵਰ 'ਤੇ ਚੜ੍ਹੇ 5994 ਈ.ਟੀ.ਟੀ. ਜਥੇਬੰਦੀ ਦੇ ਜੁਝਾਰੂ ਆਗੂ ਹਰਜੀਤ ਸਿੰਘ ਵਾਸੀ ਮਾਨਸਾ ਨੇ ਟਾਵਰ 'ਤੇ ਬੈਠ ਕੇ ਬਣਾਈ ਅਤੇ ਸੋਸ਼ਲ ਮੀਡੀਆ' ਤੇ ਸਾਂਝੀ ਕੀਤੀ ਇਕ ਪੋਸਟ 'ਚ ਕਿਸਾਨ ਜਥੇਬੰਦੀਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਤੋਂ ਸਮਰਥਨ ਦੀ ਮੰਗ ਕਰਦਿਆਂ ਕਿਹਾ ਹੈ ਕਿ 5994 ਦੀ ਬੈਕ ਲੋਗ ਭਰਤੀ ਦੇ ਨਾਂਅ 'ਤੇ ਭਰਤੀ ਤੋਂ ਬਾਹਰ ਰੱਖੇ ਗਏ 2994 ਅਧਿਆਪਕਾਂ ਦਾ ਮੈਰਿਟ ਦੇ ਪੱਧਰ 'ਤੇ ਅਧਿਆਪਕ ਭਰਤੀ ਹੋਣ ਦਾ ਕਾਨੂੰਨੀ ਹੱਕ ਬਣਦਾ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਨੂੰ ਰਹਿਮ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ 2994 ਅਧਿਆਪਕਾਂ ਦੀ ਭਰਤੀ ਦਾ ਮਸਲਾ ਹਮਦਰਦੀ ਨਾਲ ਵਿਚਾਰਦੇ ਹੋਏ ਜਲਦ ਤੋਂ ਜਲਦ ਹੱਲ ਕਰੇ ਅਤੇ 2994 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਇਨਸਾਫ਼ ਨਾ ਦਿੱਤਾ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹਰਜੀਤ ਸਿੰਘ ਦੇ ਸਮਰਥਨ ਵਿੱਚ ਬੈਠੇ 2994 ਜਥੇਬੰਦੀ ਦੇ ਸੂਬਾ ਪ੍ਰਧਾਨ ਅਸ਼ੋਕ ਬਾਬਾ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ, ਮੀਂਹ ਹਨੇਰੀ ਇਥੇ ਝੱਖੜ ਦੇ ਮੌਸਮ ਵਿੱਚ ਹਰਜੀਤ ਸਿੰਘ ਦੇ ਨਾਲ ਨਾਲ ਧਰਨੇ 'ਤੇ ਬੈਠੇ ਸੈਂਕੜੇ ਅਤੇ ਅਧਿਆਪਕ ਜਿਨ੍ਹਾਂ 'ਚ ਜ਼ਿਆਦਾਤਰ ਬੀਬੀਆਂ ਸ਼ਾਮਿਲ ਹਨ, ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰ ਕੇ ਇਨਸਾਫ਼ ਦੇਵੇ |